ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤੇ ਵਿਸਫੋਟਕ ਐਕਟ (Explosives Act) ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਕਿਉਂਕਿ ਮੁੱਢਲੀ ਜਾਂਚ ਵਿਚ ਧਮਾਕੇ ਦੇ ਤਾਰ ਫਰੀਦਾਬਾਦ ’ਚ ਸਾਹਮਣੇ ਆਏ ਅਤਿਵਾਦੀ ਮੌਡਿਊਲ ਨਾਲ ਜੁੜੇ ਹੋਣ ਦਾ ਸੰਕੇਤ ਮਿਲਿਆ ਹੈ। ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਕੌਮੀ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ (UAPA), ਵਿਸਫੋਟਕ ਐਕਟ ਅਤੇ BNS ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਐੱਫਆਈਆਰ ਵਿਚ UAPA ਦੀਆਂ ਧਾਰਾਵਾਂ 16 ਅਤੇ 18 ਸ਼ਾਮਲ ਕੀਤੀਆਂ ਗਈਆਂ ਹਨ, ਜੋ ਅਤਿਵਾਦੀ ਹਮਲੇ ਲਈ ਸਜ਼ਾ ਅਤੇ ਸਾਜ਼ਿਸ਼ ਨਾਲ ਸਬੰਧਤ ਹਨ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਸਵੇਰੇ 11 ਵਜੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਡੀਜੀ, ਐਨਆਈਏ, ਸਦਾਨੰਦ ਵਸੰਤ ਦਾਤੇ ਸ਼ਾਮਲ ਹੋਣਗੇ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਣਗੇ।
ਸੂਤਰਾਂ ਅਨੁਸਾਰ ਪੁਲਵਾਮਾ ਦਾ ਰਹਿਣ ਵਾਲਾ ਅਤੇ ਇੱਕ ਡਾਕਟਰ ਉਮਰ ਮੁਹੰਮਦ ਕਥਿਤ ਤੌਰ ’ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਨੇੜੇ ਧਮਾਕੇ ਲਈ ਵਰਤੀ ਗਈ ਹੁੰਡਈ ਆਈ20 ਕਾਰ ਚਲਾ ਰਿਹਾ ਸੀ।
ਪੁਲੀਸ ਸੂਤਰਾਂ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾ ਰਹੇ ਵਿਅਕਤੀ ਦੀ ਪਹਿਲੀ ਤਸਵੀਰ ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਕਥਿਤ ਤੌਰ ’ਤੇ ਫਰੀਦਾਬਾਦ ਵਿੱਚ ਅਤਿਵਾਦੀ ਮੌਡਿਊਲ ਨਾਲ ਸਬੰਧ ਸਨ, ਜਿੱਥੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਡੈਟੋਨੇਟਰ ਵਰਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਧਮਾਕੇ ਅਤੇ ਫਰੀਦਾਬਾਦ ਅਤਿਵਾਦੀ ਮੌਡਿਊਲ ਵਿਚਕਾਰ ਇੱਕ ਸੰਭਾਵਿਤ ਸਬੰਧ ਹੈ ਜਿੱਥੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਸੀ, ਪਰ ਅਜੇ ‘ਅੰਤਿਮ ਰਿਪੋਰਟਾਂ ਦੀ ਉਡੀਕ ਹੈ।’
ਪੁਲੀਸ ਨੇ ਕਿਹਾ ਕਿ ਧਮਾਕੇ ਵਾਲੀ ਕਾਰ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ‘ਨਕਾਬਪੋਸ਼ ਵਿਅਕਤੀ’ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੇ ਆਸ-ਪਾਸ ਅਤੇ ਨਾਲ ਲੱਗਦੇ ਰਸਤਿਆਂ ਤੋਂ ਸੀਸੀਟੀਵੀ ਸਕੈਨ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੋਦੀ
November 11, 2025 12:15 pm
ਭੂਟਾਨ ਦੇ ਦੌਰੇ ’ਤੇ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਿੰਫੂ ਵਿਚ ਇਕ ਸਮਾਗਮ ਦੌਰਾਨ ਬੋਲਦਿਆਂ ਕਿਹਾ, ‘‘ਦਿੱਲੀ ਵਿਚ ਸੋਮਵਾਰ ਨੂੰ ਹੋਏ ਕਾਰ ਧਮਾਕੇ ਪਿਛਲੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।" ਸ੍ਰੀ ਮੋਦੀ ਨੇ ਕਿਹਾ, ‘‘ਅੱਜ, ਮੈਂ ਇੱਥੇ ਬਹੁਤ ਭਾਰੀ ਦਿਲ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਹੈ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੈਂ ਕੱਲ੍ਹ ਰਾਤ ਇਸ ਘਟਨਾ ਦੀ ਜਾਂਚ ਕਰ ਰਹੀਆਂ ਸਾਰੀਆਂ ਏਜੰਸੀਆਂ ਦੇ ਸੰਪਰਕ ਵਿੱਚ ਸੀ। ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ। ਇਸ ਦੇ ਪਿੱਛੇ ਸਾਜ਼ਿਸ਼ਕਰਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।"
ਸ਼ਾਹ ਵੱਲੋਂ ਅਧਿਕਾਰੀਆਂ ਨਾਲ ਸੁਰੱਖਿਆ ਹਾਲਾਤ ਦੀ ਸਮੀਖਿਆ
November 11, 2025 12:02 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮੱਦੇਨਜ਼ਰ ਕੌਮੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਐਨਆਈਏ ਦੇ ਡੀਜੀ ਸਦਾਨੰਦ ਵਸੰਤ ਦਾਤੇ ਸ਼ਾਮਲ ਹੋਏ। ਜੰਮੂ-ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਵੀ ਮੀਟਿੰਗ ’ਚ ਵਰਚੁਅਲੀ ਸ਼ਾਮਲ ਹੋਏ। ਮੀਟਿੰਗ ਦੌਰਾਨ, ਉੱਚ ਅਧਿਕਾਰੀਆਂ ਨੇ ਧਮਾਕੇ ਤੋਂ ਬਾਅਦ ਦੀ ਸਥਿਤੀ ਬਾਰੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਉੱਚ ਜਾਂਚ ਏਜੰਸੀਆਂ ਧਮਾਕੇ ਦੀ ਜਾਂਚ ਕਰ ਰਹੀਆਂ ਹਨ, ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਯਾਤਰੀਆਂ ਲਈ ਬੰਦ ਕੀਤਾ
November 11, 2025 11:57 am
ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਖੇਤਰ ਵਿੱਚ ਆਵਾਜਾਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "ਸੇਵਾ ਅੱਪਡੇਟ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸੁਰੱਖਿਆ ਕਾਰਨਾਂ ਕਰਕੇ ਬੰਦ ਹੈ। ਬਾਕੀ ਸਾਰੇ ਸਟੇਸ਼ਨ ਆਮ ਵਾਂਗ ਕੰਮ ਕਰ ਰਹੇ ਹਨ।’’ ਦਿੱਲੀ ਟ੍ਰੈਫਿਕ ਪੁਲੀਸ ਨੇ ਪਾਬੰਦੀਆਂ ਸਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਕੈਰੇਜਵੇਅ ਅਤੇ ਸਰਵਿਸ ਸੜਕਾਂ ਦੋਵਾਂ ਵਿੱਚ ਡਾਇਵਰਸ਼ਨ ਲਗਾਏ ਗਏ ਹਨ - ਨੇਤਾਜੀ ਸੁਭਾਸ਼ ਮਾਰਗ ਚੱਟਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਤੱਕ। ਟ੍ਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਸਵੇਰੇ 6 ਵਜੇ ਤੋਂ ਇਨ੍ਹਾਂ ਰੂਟਾਂ ਤੋਂ ਬਚਣ ਅਤੇ ਮੁਸ਼ਕਲ ਰਹਿਤ ਯਾਤਰਾ ਲਈ ਬਦਲਵੀਆਂ ਸੜਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਦਿੱਲੀ ਧਮਾਕੇ ਵਿੱਚ ਵਰਤੇ ਗਏ ਡੈਟੋਨੇਟਰ ਦਾ ਸਬੰਧ ਫਰੀਦਾਬਾਦ ਅਤਿਵਾਦੀ ਮੌਡਿਊਲ ਨਾਲ: ਸੂਤਰ
November 11, 2025 11:49 am
ਤਫ਼ਤੀਸ਼ ਵਿਚ ਸ਼ਾਮਲ ਇਕ ਸੂਤਰ ਨੇ ਦਾਅਵਾ ਕੀਤਾ ਕਿ ਮੁੱਢਲੀ ਜਾਂਚ ਮੁਤਾਬਕ ਦਿੱਲੀ ਧਮਾਕੇ ਵਿੱਚ ਵਰਤੇ ਗਏ ਡੈਟੋਨੇਟਰ, ਫਰੀਦਾਬਾਦ ਅਤਿਵਾਦੀ ਮੌਡਿਊਲ ਨਾਲ ਸਬੰਧਤ ਹਨ।
ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹੋਈ: ਦਿੱਲੀ ਪੁਲੀਸ
November 11, 2025 11:36 am
ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਤਿੰਨ ਹੋਰ ਜ਼ਖਮੀਆਂ ਦੇ ਦਮ ਤੋੜਨ ਨਾਲ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਰਾਤ ਤੱਕ ਧਮਾਕੇ ਵਿੱਚ ਨੌਂ ਲੋਕਾਂ ਦੀ ਮੌਤ ਅਤੇ 20 ਹੋਰ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਸੀ। ਦਿੱਲੀ ਪੁਲੀਸ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕੌਮੀ ਰਾਜਧਾਨੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਪੁਲੀਸ ਵੱਲੋਂ ਗੁਰੂਗ੍ਰਾਮ ਨਿਵਾਸੀ ਤੋਂ ਪੁੱਛਗਿੱਛ
November 11, 2025 10:54 am
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਹੁੰਡਈ ਆਈ20 ਕਾਰ ਵਿੱਚ ਹੋਏ ਧਮਾਕੇ ਤੋਂ ਕੁਝ ਘੰਟਿਆਂ ਬਾਅਦ, ਪੁਲੀਸ ਨੇ ਗੁਰੂਗ੍ਰਾਮ ਦੇ ਇੱਕ ਨਿਵਾਸੀ ਤੋਂ ਪੁੱਛਗਿੱਛ ਕੀਤੀ ਜਿਸਦੇ ਨਾਮ 'ਤੇ ਗੱਡੀ ਰਜਿਸਟਰਡ ਸੀ। ਗੁਰੂਗ੍ਰਾਮ ਨਿਵਾਸੀ, ਜਿਸ ਦਾ ਨਾਮ ਸਲਮਾਨ ਦੱਸਿਆ ਜਾ ਰਿਹਾ ਹੈ, ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕਾਰ ਵੇਚੀ ਸੀ, ਹਾਲਾਂਕਿ ਇਸ ਵੇਰਵੇ ਦੀ ਪੁਸ਼ਟੀ ਹੋਣੀ ਬਾਕੀ ਹੈ। ਗੱਡੀ 'ਤੇ ਹਰਿਆਣਾ ਦਾ ਰਜਿਸਟ੍ਰੇਸ਼ਨ ਨੰਬਰ ਸੀ।
Delhi blast: ਜੰਮੂ ਕਸ਼ਮੀਰ ਪੁਲੀਸ ਨੇ ਚਾਰ ਜਣੇ ਹਿਰਾਸਤ ’ਚ ਲਏ; ਜੰਮੂ ਕਸ਼ਮੀਰ ਵੱਲੋਂ ਬੇਪਰਦ ਕੀਤੇ ਦਹਿਸ਼ਤੀ ਮੌਡਿੳੂਲ ਦਾ ਦਿੱਲੀ ਧਮਾਕੇ ਨਾਲ ਕੋਈ ਸਬੰਧ ਹੋਣ ਦਾ ਦਾਅਵਾ
November 11, 2025 9:48 am
https://www.punjabitribuneonline.com/news/nation/delhi-blast-jammu-and-kashmir-police-takes-four-people-into-custody/
ਇੰਟੈਲੀਜੈਂਸ ਮੁਖੀਆਂ ਨੂੰ 11 ਵਜੇ ਮਿਲਣਗੇ ਅਮਿਤ ਸ਼ਾਹ
November 11, 2025 9:44 am
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਵੇਰੇ 11 ਵਜੇ ਇੰਟੈਲੀਜੈਂਸ ਮੁਖੀਆਂ ਨੂੰ ਮਿਲਣਗੇ। ਮੀਟਿੰਗ ਵਿਚ ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ ਆਈਬੀ, ਦਿੱਲੀ ਪੁਲੀਸ ਕਮਿਸ਼ਨਰ, ਡੀਜੀ ਐਨਆਈਏ ਸ਼ਾਮਲ ਹੋਣਗੇ। ਜੰਮੂ-ਕਸ਼ਮੀਰ ਦੇ ਡੀਜੀਪੀ ਵਰਚੁਅਲੀ ਮੀਟਿੰਗ ਵਿਚ ਸ਼ਾਮਲ ਹੋਣਗੇ।
ਉੱਚ ਅਧਿਕਾਰੀਆਂ ਨਾਲ ਅੱਜ ਵਿਆਪਕ ਸਮੀਖਿਆ ਕਰਾਂਗੇ: ਸ਼ਾਹ
November 11, 2025 8:27 am
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਵਿਆਪਕ ਸਮੀਖਿਆ ਮੰਗਲਵਾਰ ਨੂੰ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਕਰਨਗੇ। ਸ਼ਾਹ ਨੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਜ਼ਖਮੀਆਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਕੱਲ੍ਹ ਸਵੇਰੇ, ਅਸੀਂ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਸ਼ਲੇਸ਼ਣ ਕਰਾਂਗੇ।’’
ਅਮਰੀਕਾ ਨੇ ਦਿੱਲੀ ਧਮਾਕੇ ਦੇ ਪੀੜਤਾਂ ਨਾਲ ਇਕਜੁੱਟਤਾ ਜਤਾਈ
November 11, 2025 8:24 am
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਘਾਤਕ ਧਮਾਕੇ ’ਤੇ ਸੰਵੇਦਨਾ ਪ੍ਰਗਟ ਕਰਦੇ ਹੋਏ, ਅਮਰੀਕਾ ਨੇ ਕਿਹਾ ਕਿ ਉਹ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਨੇ ਸੋਮਵਾਰ ਨੂੰ ਇੱਕ ਪੋਸਟ ਵਿੱਚ ਕਿਹਾ, ‘‘ਸਾਡੀਆਂ ਸੰਵੇਦਨਾਵਾਂ ਨਵੀਂ ਦਿੱਲੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਅਸੀਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ। ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਾਂ।’’
ਦਿੱਲੀ ਪੁਲੀਸ ਵੱਲੋਂ ਯੂਏਪੀਏ ਐਕਟ ਤੇ ਵਿਸਫੋਟਕ ਐਕਟ ਤਹਿਤ ਐਫਆਈਆਰ ਦਰਜ
November 11, 2025 8:05 am
ਦਿੱਲੀ ਪੁਲੀਸ ਨੇ ਸੋਮਵਾਰ ਸ਼ਾਮੀਂ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਦੇ ਸਬੰਧ ਵਿੱਚ ਯੂਏਪੀਏ ਐਕਟ ਤੇ ਵਿਸਫੋਟਕ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਹੈ