ਜਾਤੀ ਹਿੰਸਾ ਤੋਂ ਦੋ ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਦੁਪਹਿਰ ਨੂੰ ਇੰਫਾਲ ਪਹੁੰਚੇ ਅਤੇ ਫਿਰ ਭਾਰੀ ਮੀਂਹ ਦੋਰਾਨ ਦੇ ਸੜਕ ਰਾਹੀਂ ਸਿੱਧੇ ਕੂਕੀ-ਪ੍ਰਭਾਵਸ਼ਾਲੀ ਖੇਤਰ ਚੁਰਾਚਾਂਦਪੁਰ ਪੁੱਜੇ ਹਨ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਦਾ ਇੰਫਾਲ ਹਵਾਈ ਅੱਡੇ 'ਤੇ ਰਾਜਪਾਲ ਅਜੈ ਕੁਮਾਰ ਭੱਲਾ ਅਤੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਸਵਾਗਤ ਕੀਤਾ। ਉਹ 8,500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।
ਮੋਦੀ ਦੇ ਦੌਰੇ ਦੇ ਮੱਦੇਨਜ਼ਰ ਰਾਜ ਦੀ ਰਾਜਧਾਨੀ ਇੰਫਾਲ ਅਤੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਵਧਾਈ ਗਈ ਹੈ। ਰਾਜ ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਨੂੰ ਇੰਫਾਲ ਵਿੱਚ ਲਗਭਗ 237 ਏਕੜ ਵਿੱਚ ਫੈਲੇ ਕਾਂਗਲਾ ਕਿਲ੍ਹੇ ਅਤੇ ਚੂਰਾਚੰਦਪੁਰ ਵਿੱਚ ਪੀਸ ਗਰਾਊਂਡ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਾ ਇਹ ਦੌਰਾ ਕੁਕੀ ਅਤੇ ਮੇਈਤੇਈ ਭਾਈਚਾਰਿਆਂ ਵਿਚਕਾਰ ਨਸਲੀ ਸੰਘਰਸ਼ ਤੋਂ ਬਾਅਦ ਮਣੀਪੁਰ ਦਾ ਦੌਰਾ ਨਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਵਾਰ-ਵਾਰ ਆਲੋਚਨਾ ਦੇ ਵਿਚਕਾਰ ਹੋਇਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ ਦੀ ਪਹਿਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਅਤੇ ਰਾਜ ਦੀ ਪਹਿਲੀ ਰਾਜਧਾਨੀ ਐਕਸਪ੍ਰੈਸ ਨੂੰ ਹਰੀ ਝੰਡੀ ਦਿੱਤੀ। ਇਹ ਰੇਲਵੇ ਲਾਈਨ ਆਈਜ਼ੌਲ ਨੂੰ ਦਿੱਲੀ ਨਾਲ ਜੋੜੇਗੀ।
8,070 ਕਰੋੜ ਰੁਪਏ ਦੀ ਬੈਰਾਬੀ–ਸਾਈਰੰਗ ਰੇਲਵੇ ਲਾਈਨ, ਜਿਸ ਨੂੰ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਚੁਣੌਤੀਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਨੂੰ 2008-09 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸਦਾ ਨਿਰਮਾਣ 2015 ਵਿੱਚ ਸ਼ੁਰੂ ਹੋਇਆ ਸੀ। ਇਸ ਲਾਈਨ ਵਿੱਚ 45 ਸੁਰੰਗਾਂ, 55 ਵੱਡੇ ਪੁਲ ਅਤੇ 87 ਛੋਟੇ ਪੁਲ ਸ਼ਾਮਲ ਹਨ।
ਉੱਤਰ ਪੂਰਬੀ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਈਰੰਗ ਨੇੜੇ ਬਣਿਆ ਪੁਲ ਨੰਬਰ 144, 114 ਮੀਟਰ ਦੀ ਉਚਾਈ ਨਾਲ ਕੁਤੁਬ ਮੀਨਾਰ ਨਾਲੋਂ ਵੀ ਉੱਚਾ ਹੈ। ਇਹ ਦੇਸ਼ ਦਾ ਸਭ ਤੋਂ ਉੱਚਾ ਪੀਅਰ ਰੇਲਵੇ ਪੁਲ ਹੈ। ਇਸ ਰੂਟ ਵਿੱਚ ਪੰਜ ਰੋਡ ਓਵਰਬ੍ਰਿਜ ਅਤੇ ਛੇ ਅੰਡਰਪਾਸ ਵੀ ਹਨ, ਜੋ ਬੈਰਾਬੀ ਤੋਂ ਇਲਾਵਾ ਚਾਰ ਮੁੱਖ ਸਟੇਸ਼ਨਾਂ - ਹੌਰਟੋਕੀ, ਕਾਵਨਪੁਈ, ਮੁਆਲਖੰਗ ਅਤੇ ਸਾਈਰੰਗ - ਨੂੰ ਕਵਰ ਕਰਦੇ ਹਨ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਭੋਜਨ, ਖਾਦਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਹੋਵੇਗੀ, ਜਿਸ ਨਾਲ ਸਮੁੱਚੀ ਲੌਜਿਸਟਿਕ ਕੁਸ਼ਲਤਾ ਅਤੇ ਖੇਤਰੀ ਪਹੁੰਚ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਤਿੰਨ ਨਵੀਆਂ ਐਕਸਪ੍ਰੈਸ ਰੇਲ ਗੱਡੀਆਂ - ਸਾਈਰੰਗ (ਆਈਜ਼ੌਲ)-ਦਿੱਲੀ (ਆਨੰਦ ਵਿਹਾਰ ਟਰਮੀਨਲ) ਰਾਜਧਾਨੀ ਐਕਸਪ੍ਰੈਸ, ਸਾਈਰੰਗ-ਗੁਹਾਟੀ ਐਕਸਪ੍ਰੈਸ ਅਤੇ ਸਾਈਰੰਗ-ਕੋਲਕਾਤਾ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿੱਤੀ। ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜੋ ਰੇਲਵੇ, ਸੜਕਾਂ, ਊਰਜਾ, ਖੇਡਾਂ, ਸਮੇਤ ਵੱਖ-ਵੱਖ ਖੇਤਰਾਂ ਨੂੰ ਪੂਰਾ ਕਰਨਗੇ।
ਪ੍ਰਧਾਨ ਮੰਤਰੀ ਨੇ ਲਾਵੰਗਤਲਾਈ ਸਿਆਹਾ ਸੜਕ ’ਤੇ ਛਿਮਤੁਈਪੁਈ ਪੁਲ, ਖੇਡਾਂ ਦੇ ਵਿਕਾਸ ਲਈ ਖੇਲੋ ਇੰਡੀਆ ਬਹੁ-ਉਦੇਸ਼ੀ ਇਨਡੋਰ ਹਾਲ ਅਤੇ ਆਈਜ਼ੌਲ ਦੇ ਮੁਆਲਖੰਗ ਵਿੱਚ ਇੱਕ ਐੱਲ.ਪੀ.ਜੀ. ਬੋਟਲਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ (PMJVK) ਯੋਜਨਾ ਤਹਿਤ ਕਾਵਰਥਾ ਵਿੱਚ ਇੱਕ ਰਿਹਾਇਸ਼ੀ ਸਕੂਲ ਅਤੇ ਤਲਾਂਗਨੁਆਮ ਵਿੱਚ ਇੱਕ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਵੀ ਉਦਘਾਟਨ ਕੀਤਾ।
ਇਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਦੇ ਦੌਰੇ ’ਤੇ ਜਾਣਗੇ। ਮਈ 2023 ਵਿੱਚ ਜਾਤੀਗਤ ਹਿੰਸਾ ਭੜਕਣ ਮਗਰੋਂ ਮੋਦੀ ਦਾ ਇਹ ਪਹਿਲਾ ਦੌਰਾ ਹੋਵੇਗਾ। ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਸੂਬੇ ’ਚ ਹਿੰਸਾ ਰੋਕਣ ’ਚ ਨਾਕਾਮ ਰਹਿਣ ਅਤੇ ਉਨ੍ਹਾਂ ਵੱਲੋਂ ਉਥੋਂ ਦੇ ਲੋਕਾਂ ’ਤੇ ਮੱਲ੍ਹਮ ਲਗਾਉਣ ਲਈ ਸੂਬੇ ਦਾ ਦੌਰਾ ਨਾ ਕਰਨ ਲਈ ਲਗਾਤਾਰ ਨਿਸ਼ਾਨੇ ’ਤੇ ਲਿਆ ਹੈ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ 8,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗ਼ਾਜ਼ ਕਰਨਗੇ। ਸੂਬੇ ਦੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਮੋਦੀ ਦੇ ਦੌਰੇ ਦੀ ਅੱਜ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਚੂਰਾਚਾਂਦਪੁਰ ਅਤੇ ਇੰਫਾਲ ’ਚ ਘਰੋਂ ਦਰ-ਬਦਰ ਹੋਏ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਪੀਟੀਆਈ
ਮੋਦੀ ਵੱਲੋਂ ਮਨੀਪੁਰ ਜਾਤੀ ਹਿੰਸਾ ਨਾਲ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ
September 13, 2025 1:14 pm
ਪ੍ਰਧਾਨ ਮੰਤਰੀ ਮੋਦੀ ਜਾਤੀ ਹਿੰਸਾ ਨਾਲ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਲਈ ਕੇਂਦਰ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ। ਇੱਥੇ ਨਸਲੀ ਹਿੰਸਾ ਨੇ 60,000 ਤੋਂ ਵੱਧ ਲੋਕਾਂ ਨੂੰ ਉਜਾੜ ਦਿੱਤਾ, ਜਿਨ੍ਹਾਂ ਵਿੱਚੋਂ ਲਗਪਗ 40,000 ਕੁਕੀ ਜ਼ੋ ਭਾਈਚਾਰੇ ਦੇ ਸਨ ਅਤੇ ਲਗਭਗ 20,000 ਮੈਤਈ ਸਨ। ਜਦੋਂ ਕਿ ਬਹੁਤ ਸਾਰੇ ਲੋਕ ਸੂਬੇ ਤੋਂ ਬਾਹਰ ਚਲੇ ਗਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।
ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਮਨੀਪੁਰ ਵਿੱਚ ਭਾਰੀ ਮੀਂਹ
September 13, 2025 11:27 am
ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ ਤੋਂ ਪਹਿਲਾਂ ਸੂਬੇ ਵਿਚ ਭਾਰੀ ਮੀਂਹ ਪਿਆ ਹੈ। ਇੰਫਾਲ ਦੇ ਕਾਂਗਲਾ ਕਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਗੋਡਿਆਂ ਤੱਕ ਪਾਣੀ ਭਰਿਆ ਦੇਖਿਆ ਗਿਆ, ਜਿੱਥੋਂ ਮੋਦੀ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਨਾ ਹੈ। ਚੂਰਾਚੰਦਪੁਰ ਸ਼ਹਿਰ ਵਿੱਚ ਵੀ ਭਾਰੀ ਮੀਂਹ ਦੀ ਖ਼ਬਰ ਹੈ। ਇੱਕ ਬਿਆਨ ਵਿੱਚ ਚੂਰਾਚੰਦਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੈਅ ਪ੍ਰੋਗਰਾਮ ਅਨੁਸਾਰ ਚੂਰਾਚੰਦਪੁਰ ਦਾ ਦੌਰਾ ਕਰਨਗੇ ਅਤੇ ਇਸਦੇ ਉਲਟ ਅਫਵਾਹਾਂ "ਗਲਤ ਅਤੇ ਗੁੰਮਰਾਹਕੁੰਨ" ਹਨ।
ਜੋ ਪਹਿਲਾਂ ਹਾਸ਼ੀਏ ’ਤੇ ਸਨ, ਹੁਣ ਮੁੱਖ ਧਾਰਾ ਵਿੱਚ ਆ ਗਏ ਹਨ: ਪ੍ਰਧਾਨ ਮੰਤਰੀ
September 13, 2025 11:08 am
ਮਿਜ਼ੋਰਮ ਵਿੱਚ ਇੱਕ ਜਨਤਕ ਰੈਲੀ ਨੂੰ ਵਰਚੁਅਲ ਤੌਰ 'ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਨੇ ਪਹਿਲਾਂ ਵੋਟ ਬੈਂਕ ਦੀ ਰਾਜਨੀਤੀ ਕਾਰਨ ਬਹੁਤ ਨੁਕਸਾਨ ਝੱਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਸੀ, ਉਹ ਹੁਣ ਸਭ ਤੋਂ ਅੱਗੇ ਹਨ ਅਤੇ ਪਹਿਲਾਂ ਜੋ ਹਾਸ਼ੀਏ 'ਤੇ ਸਨ, ਉਹ ਹੁਣ ਮੁੱਖ ਧਾਰਾ ਵਿੱਚ ਹਨ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਪਿਛਲੇ 11 ਸਾਲਾਂ ਤੋਂ ਉੱਤਰ-ਪੂਰਬ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਹੁਣ ਇਹ ਖੇਤਰ ਭਾਰਤ ਦਾ ਵਿਕਾਸ ਇੰਜਣ ਬਣ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰ-ਪੂਰਬ ਉੱਦਮਤਾ ਦਾ ਇੱਕ ਵੱਡਾ ਕੇਂਦਰ ਬਣ ਰਿਹਾ ਹੈ, ਜਿੱਥੇ 4,500 ਸਟਾਰਟਅੱਪ ਅਤੇ 25 ਇੰਕਿਊਬੇਟਰ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮੀ ਖੇਡ ਨੀਤੀ ਮਿਜ਼ੋਰਮ ਦੇ ਖਿਡਾਰੀਆਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗੀ। ਇਸ ਦੌਰਾਨ ਉਨ੍ਹਾਂ ਜੀ.ਐਸ.ਟੀ. ਸੁਧਾਰਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਸ ਨਾਲ ਕਈ ਉਤਪਾਦਾਂ 'ਤੇ ਟੈਕਸ ਘਟਿਆ ਹੈ, ਜਿਸ ਨਾਲ ਦੇਸ਼ ਦੇ ਪਰਿਵਾਰਾਂ ਦਾ ਜੀਵਨ ਸੌਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਦਵਾਈਆਂ ਅਤੇ ਬੀਮਾ ਨੀਤੀਆਂ 'ਤੇ ਭਾਰੀ ਟੈਕਸ ਲਗਾਇਆ ਜਾਂਦਾ ਸੀ ਅਤੇ ਸਿਹਤ ਸੰਭਾਲ ਮਹਿੰਗੀ ਸੀ, ਪਰ ਅੱਜ ਇਹ ਸਭ ਕਿਫਾਇਤੀ ਹੋ ਗਿਆ ਹੈ।
ਮਿਜ਼ੋਰਮ ਲਈ ਰੇਲਵੇ ਲਾਈਨ ਸ਼ੁਰੂ ਹੋਣਾ ਇਤਿਹਾਸਕ ਕਦਮ: ਮੋਦੀ
September 13, 2025 11:04 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ ਲਈ ਰੇਲਵੇ ਲਾਈਨ ਸ਼ੁਰੂ ਹੋਣ ਨੂੰ ਇੱਕ ਇਤਿਹਾਸਕ ਦਿਨ ਦੱਸਿਆ ਅਤੇ ਕਿਹਾ ਕਿ ਇਹ ਸੂਬੇ ਦੇ ਲੋਕਾਂ ਦੇ ਜੀਵਨ ਵਿੱਚ ਕ੍ਰਾਂਤੀ ਲਿਆਵੇਗੀ। ਉਨ੍ਹਾਂ ਕਿਹਾ ਕਿ ਬੈਰਾਬੀ-ਸਾਈਰੰਗ ਰੇਲਵੇ ਲਾਈਨ ਨੇ ਮੁਸ਼ਕਿਲ ਭੂਗੋਲਿਕ ਸਥਿਤੀਆਂ ਦੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਆਈਜ਼ੌਲ ਨੂੰ ਰੇਲਵੇ ਨਕਸ਼ੇ 'ਤੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਆਈਜ਼ੌਲ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬਿਹਤਰ ਸੰਪਰਕ ਨਾਲ ਖੇਤਰ ਵਿੱਚ ਵਿਦਿਅਕ, ਸੱਭਿਆਚਾਰਕ ਅਤੇ ਆਰਥਿਕ ਸਬੰਧ ਮਜ਼ਬੂਤ ਹੋਣਗੇ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਜ਼ੋਰਮ 'ਐਕਟ ਈਸਟ' ਨੀਤੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ ਅਤੇ ਕਲਾਦਾਨ ਮਲਟੀਮੋਡਲ ਟਰਾਂਜ਼ਿਟ ਪ੍ਰੋਜੈਕਟ ਅਤੇ ਰੇਲਵੇ ਲਾਈਨਾਂ ਰਾਜ ਨੂੰ ਦੱਖਣ-ਪੂਰਬੀ ਏਸ਼ੀਆ ਨਾਲ ਜੋੜਨਗੀਆਂ।