ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Parliament Monsoon Session ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪਰੇਸ਼ਨ ਸਿੰਧੂਰ ਨੂੰ ਲੈ ਕੇ ਸੰਸਦ ਵਿਚ ਹੰਗਾਮਾ, ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ

ਲੋਕ ਸਭਾ ਵਿਚ ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ। ਵੀਡੀਓ ਗਰੈਬ ਸੰਸਦ ਟੀਵੀ
Advertisement

ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ। ਵਿਰੋਧੀ ਧਿਰਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ, ਅਪਰੇਸ਼ਨ ਸਿੰਧੂਰ ਅਤੇ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ (SIR) ਦੀ ਵਰਤੋਂ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ। ਲੋਕ ਸਭਾ ਦੀ ਕਾਰਵਾਈ ਵਿਚ ਅੱਜ ਤਿੰਨ ਵਾਰ ਮੁਲਤਵੀ ਕਰਨੀ ਪਈ। ਪਹਿਲਾਂ ਦੁਪਹਿਰੇ 12ਵਜੇ, ਮਗਰੋਂ ਬਾਅਦ ਦੁਪਹਿਰ ਦੋ ਵਜੇ ਤੇ ਫਿਰ ਸ਼ਾਮੀਂ 4 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ, ਪਰ ਬਾਅਦ ਵਿਚ ਇਸ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਉਧਰ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ। ਰਾਜ ਸਭਾ ਦੀ ਕਾਰਵਾਈ ਨੂੰ ਵੀ ਇਕ ਵਾਰ 12 ਵਜੇ ਤੱਕ ਮੁਲਤਵੀ ਕਰਨਾ ਪਿਆ।

 

Advertisement

ਇਸ ਤੋਂ ਪਹਿਲਾਂ  ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਰਵਾਇਤੀ ਤੌਰ ’ਤੇ ਰਾਸ਼ਟਰੀ ਗੀਤ ਦੀ ਧੁਨ ਨਾਲ ਸ਼ੁਰੂ ਹੋਈ। ਫਿਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਸੱਤ ਸਾਬਕਾ ਮੈਂਬਰਾਂ ਕਿਸ਼ਨ ਕਪੂਰ, ਭਗਤ ਰਾਮ, ਕੁਮਾਰੀ ਅਨੰਤਨ, ਗਿਰਿਜਾ ਵਿਆਸ, ਮਿਨਾਤੀ ਸੇਨ, ਸੁਖਦੇਵ ਸਿੰਘ ਢੀਂਡਸਾ ਅਤੇ ਛੋਟੇ ਸਿੰਘ ਯਾਦਵ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਅਹਿਮਦਾਬਾਦ ਜਹਾਜ਼ ਹਾਦਸੇ ਦਾ ਜ਼ਿਕਰ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਲੋਕ ਸਭਾ ਸਪੀਕਰ ਨੇ ਹਾਲ ਹੀ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁਦਰਤੀ ਆਫ਼ਤਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਵੀ ਜ਼ਿਕਰ ਕੀਤਾ। ਇਸ ਤੋਂ ਬਾਅਦ, ਸਦਨ ਨੇ ਕੁਝ ਸਮੇਂ ਲਈ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਬਿਰਲਾ ਨੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਸਫਲ ਪੁਲਾੜ ਮਿਸ਼ਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸੈਸ਼ਨ ਵਿੱਚ ਪੁਲਾੜ ਦੇ ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਤੋਂ ਬਾਅਦ, ਜਿਵੇਂ ਹੀ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ, ਆਪ੍ਰੇਸ਼ਨ ਸਿੰਧੂਰ ਨੂੰ ਰੋਕਣ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚੋਲਗੀ ਦੇ ਦਾਅਵਿਆਂ ਅਤੇ ਬਿਹਾਰ ਵਿੱਚ SIR ਵਰਗੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ। ਉਹ ਕੁਰਸੀ ਦੇ ਨੇੜੇ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ। ਲੋਕ ਸਭਾ ਸਪੀਕਰ ਨੇ ਕਿਹਾ ਕਿ ਉਹ ਪ੍ਰਸ਼ਨ ਕਾਲ ਤੋਂ ਬਾਅਦ ਸਾਰੇ ਮੁੱਦਿਆਂ _ਤੇ ਚਰਚਾ ਕਰਨ ਲਈ ਤਿਆਰ ਹਨ। ਹੰਗਾਮੇ ਦੇ ਵਿਚਕਾਰ, ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਹਰਸ਼ ਮਲਹੋਤਰਾ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਕੁਝ ਪੂਰਕ ਸਵਾਲਾਂ ਦੇ ਜਵਾਬ ਦਿੱਤੇ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਈ ਵਾਰ ਆਪਣੀਆਂ ਸੀਟਾਂ ’ਤੇ ਜਾਣ ਅਤੇ ਸਦਨ ਨੂੰ ਚੱਲਣ ਦੇਣ ਦੀ ਅਪੀਲ ਕੀਤੀ। ਜਦੋਂ ਨਾਅਰੇਬਾਜ਼ੀ ਬੰਦ ਨਹੀਂ ਹੋਈ, ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸਿੰਧੂਰ ਨਾਲ ਜੁੜੇ ਫਿਕਰਾਂ ’ਤੇ ਚਰਚਾ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨ ਦੇ ਨੋਟਿਸ ਦਿੱਤੇ। ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ (21 ਜੁਲਾਈ) ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਕੁੱਲ 21 ਮੀਟਿੰਗਾਂ ਦਾ ਪ੍ਰਸਤਾਵ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਲੋਕ ਸਭਾ ਵਿੱਚ ਮੁਲਤਵੀ ਨੋਟਿਸ ਦਿੱਤਾ ਜਿਸ ਵਿੱਚ ਪਹਿਲਗਾਮ ਹਮਲੇ ਵਿੱਚ ‘ਸੁਰੱਖਿਆ ਖਾਮੀਆਂ’ ਅਤੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਵਿਦੇਸ਼ ਨੀਤੀ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਗਈ। ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਇੱਕ ਨੋਟਿਸ ਦਿੱਤਾ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਦਨ ਵਿੱਚ ਨਿਰਧਾਰਿਤ ਸਾਰੇ ਕੰਮ ਮੁਲਤਵੀ ਕੀਤੇ ਜਾਣ ਅਤੇ ਪਹਿਲਗਾਮ ਦਹਿਸ਼ਤੀ ਹਮਲੇ, ਇਸ ਤੋਂ ਬਾਅਦ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਅਤੇ ਵਿਦੇਸ਼ ਨੀਤੀ ਦੇ ਮੁੱਦੇ ਨਾਲ ਸਬੰਧਤ ‘ਸੁਰੱਖਿਆ ਖਾਮੀਆਂ’ ’ਤੇ ਚਰਚਾ ਕੀਤੀ ਜਾਵੇ। ਰਾਜ ਸਭਾ ਵਿੱਚ, ਕਾਂਗਰਸ ਮੈਂਬਰ ਰਣਦੀਪ ਸੁਰਜੇਵਾਲਾ ਨੇ ਨਿਯਮ 267 ਤਹਿਤ ਇੱਕ ਨੋਟਿਸ ਦਿੱਤਾ ਅਤੇ ਕਿਹਾ ਕਿ ਸਦਨ ਵਿੱਚ ਸਾਰਾ ਕੰਮਕਾਜ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਹਿਲਗਾਮ ਅਤਿਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਨਾਲ ਸਬੰਧਤ ਚਿੰਤਾਵਾਂ ’ਤੇ ਚਰਚਾ ਹੋਣੀ ਚਾਹੀਦੀ ਹੈ।

ਵਿਰੋਧੀ ਧਿਰਾਂ ਦੇ 63 ਸੰਸਦ ਮੈਂਬਰਾਂ ਵੱਲੋਂ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਮਹਾਦੋਸ਼ ਦੀ ਕਾਰਵਾਈ ਲਈ ਰਾਜ ਸਭਾ ਵਿਚ ਨੋਟਿਸ

July 21, 2025 2:37 pm

ਰਾਜ ਸਭਾ ਵਿਚ ਵਿਰੋਧੀ ਧਿਰਾਂ ਨਾਲ ਸਬੰਧਤ 63 ਸੰਸਦ ਮੈਂਬਰਾਂ ਨੇ Cash at judge's house ਮਾਮਲੇ ਵਿਚ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਲੲੀ ਮਤਾ ਪੇਸ਼ ਕੀਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਸਈਦ ਨਸੀਰ ਹੁਸੈਨ ਨੇ ਕਿਹਾ ਕਿ ਨੋਟਿਸ ਚੇਅਰਮੈਨ ਜਗਦੀਪ ਧਨਖੜ ਨੂੰ ਸੌਂਪ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਜਸਟਿਸ ਵਰਮਾ ਨੂੰ ਹਟਾਉਣ ਲਈ ਪ੍ਰਸਤਾਵ ਪੇਸ਼ ਕਰਨ ਲਈ ਇਸੇ ਤਰ੍ਹਾਂ ਦਾ ਨੋਟਿਸ ਪੇਸ਼ ਕੀਤਾ ਗਿਆ ਹੈ। ਹੁਸੈਨ ਨੇ ਕਿਹਾ, "ਆਪ ਅਤੇ ਇੰਡੀਆ ਬਲਾਕ ਪਾਰਟੀਆਂ ਦੇ ਮੈਂਬਰਾਂ ਸਮੇਤ 63 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਚੇਅਰਮੈਨ ਨੂੰ ਜਸਟਿਸ ਵਰਮਾ ਨੂੰ ਹਟਾਉਣ ਲਈ ਨੋਟਿਸ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਟੀਐਮਸੀ ਮੈਂਬਰ ਅੱਜ ਮੌਜੂਦ ਨਹੀਂ ਸਨ, ਪਰ ਉਹ ਇਸ ਮੁੱਦੇ 'ਤੇ ਸਹਿਮਤ ਹਨ ਅਤੇ ਬਾਅਦ ਵਿੱਚ ਆਪਣੇ ਦਸਤਖਤ ਜਮ੍ਹਾ ਕਰਵਾਉਣਗੇ। ਯਾਦ ਰਹੇ ਕਿ ਜਸਟਿਸ ਯਸ਼ਵੰਤ ਵਰਮਾ ਦੀ ਦਿੱਲੀ ਵਿਚਲੀ ਰਿਹਾਇਸ਼ ’ਚੋਂ ਸੜੇ ਹੋਏ ਨੋਟਾਂ ਦੇ ਬੰਡਲ ਮਿਲੇ ਸਨ। ਮਾਮਲੇ ਦੀ ਜਾਂਚ ਲਈ ਗਠਿਤ ਅੰਦਰੂਨੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਜਸਟਿਸ ਵਰਮਾ ਨੂੰ ਦੋਸ਼ੀ ਪਾਇਆ ਸੀ, ਜਿਸ ਮਗਰੋਂ ਤਤਕਾਲੀ ਚੀਫ਼ ਜਸਟਿਸ ਸੰਜੀਵ ਖੰਨਾ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜਸਟਿਸ ਵਰਮਾ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਸੀ।

ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਵਿੱਚ ਏਏਆਈਬੀ ਪੂਰੀ ਤਰ੍ਹਾਂ ਨਿਰਪੱਖ: ਨਾਇਡੂ

July 21, 2025 1:28 pm

ਸ਼ਹਿਰੀ ਹਵਾਬਾਜ਼ੀ ਮੰਤਰੀ ਕੇ.ਰਾਮਮੋਹਨ ਨਾਇਡੂ ਨੇ ਕਿਹਾ ਕਿ ਏਏਆਈਬੀ ਪਿਛਲੇ ਮਹੀਨੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੇ ਬਲੈਕ ਬਾਕਸ ਤੋਂ ਡੇਟਾ ਡੀਕੋਡ ਕਰਨ ਵਿੱਚ ਸਫਲ ਰਿਹਾ ਹੈ। ਨਾਇਡੂ ਰਾਜ ਸਭਾ ਵਿਚ ਸਪਲੀਮੈਂਟਰੀ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਏਏਆਈਬੀ ਨਿਰਧਾਰਿਤ ਤੇ ਨਿਯਮ-ਅਧਾਰਤ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ, ਅਤੇ ਹਾਦਸੇ ਦੀ ਜਾਂਚ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਸੱਚਾਈ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ, ਕਿਸੇ ਹੋਰ ਚੀਜ਼ ਨਾਲ ਨਹੀਂ। ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਅਸਲ ਵਿੱਚ ਕੀ ਹੋਇਆ ਸੀ। ਇਹ ਏਏਆਈਬੀ ਦੀ ਅੰਤਿਮ ਜਾਂਚ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।’’

ਵਿਰੋਧੀ ਧਿਰ ਨੂੰ ਸੰਸਦ ਵਿਚ ਬੋਲਣ ਤੋਂ ਰੋਕਿਆ ਗਿਆ: ਰਾਹੁਲ ਗਾਂਧੀ

July 21, 2025 1:23 pm

ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਗਿਆ, ਰਾਹੁਲ ਗਾਂਧੀ ਦਾ ਦੋਸ਼ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਸਮੇਤ ਵਿਰੋਧੀ ਪਾਰਟੀਆਂ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਗਿਆ। ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਗਾਂਧੀ ਨੇ ਕਿਹਾ, "ਉਨ੍ਹਾਂ (ਸੱਤਾਧਿਰ) ਦੇ ਲੋਕਾਂ ਨੂੰ ਬੋਲਣ ਦੀ ਇਜਾਜ਼ਤ ਹੈ। ਪਰ ਵਿਰੋਧੀ ਧਿਰ ਦੇ ਮੈਂਬਰਾਂ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਜੋ ਕਿ ਐਲਓਪੀ ਹੈ, ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ।" ਉਨ੍ਹਾਂ ਇਸ ਨੂੰ ਸਰਕਾਰ ਦੀ "ਨਵਾਂ ਪਹੁੰਚ" ਕਰਾਰ ਦਿੱਤਾ।

ਰਾਜ ਸਭਾ ਵਿਚ ਵੀ ਹੰਗਾਮਾ

July 21, 2025 11:56 am

ਲੋਕ ਸਭਾ ਵਾਂਗ ਰਾਜ ਸਭਾ ਵਿੱਚ ਵੀ ਵਿਰੋਧੀ ਧਿਰ ਨੇ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ 'ਤੇ ਚਰਚਾ ਦੀ ਮੰਗ ਕੀਤੀ। ਇਸ ਕਾਰਨ ਸੰਸਦ ਵਿੱਚ ਕਾਫ਼ੀ ਹੰਗਾਮਾ ਹੋਇਆ। ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਰਾਹੁਲ ਗਾਂਧੀ ਮੌਨਸੂਨ ਸੈਸ਼ਨ ਲਈ ਸੰਸਦ ਪਹੁੰਚੇ

July 21, 2025 11:24 am

ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਸਵੇਰੇ ਮੌਨਸੂਨ ਸੈਸ਼ਨ ਲਈ ਸੰਸਦ ਵਿਚ ਪਹੁੰਚੇ ਹਨ। ਉਨ੍ਹਾਂ ਦੇ ਆਉਣ ਨਾਲ, ਰਣਨੀਤਕ ਵਿਚਾਰ-ਵਟਾਂਦਰੇ ਅਤੇ ਤਾਲਮੇਲ ਨੂੰ ਲੈ ਕੇ ਵਿਰੋਧੀ ਧੜੇ ਵਿੱਚ ਹਲਚਲ ਤੇਜ਼ ਹੋ ਗਈ ਹੈ।https://twitter.com/hashtag/WATCH?src=hash&ref_src=twsrc^tfw">#WATCH</a> दिल्ली: कांग्रेस सांसद और लोकसभा में विपक्ष के नेता राहुल गांधी मानसून सत्र के लिए संसद पहुंचे। pic.twitter.com/CuFPSXrd4R — ANI_HindiNews (@AHindinews) July 21, 2025

ਸੰਸਦ ਦਾ ਮੌਨਸੂਨ ਇਜਲਾਸ ਵਿਜੈ ਉਤਸਵ: ਮੋਦੀ

July 21, 2025 11:03 am

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਵੱਖ-ਵੱਖ ਮੁੱਦਿਆਂ ’ਤੇ ਸਾਰਥਕ ਚਰਚਾ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਵੱਖੋ-ਵੱਖਰੇ ਏਜੰਡੇ ਹੁੰਦੇ ਹਨ ਅਤੇ ਭਾਵੇਂ ਉਨ੍ਹਾਂ ਦੀਆਂ ਵੋਟਾਂ ਪਾਰਟੀ ਹਿੱਤ ਵਿੱਚ ਮੇਲ ਨਹੀਂ ਖਾਂਦੀਆਂ, ਪਰ ਦੇਸ਼ ਦੇ ਹਿੱਤ ਵਿੱਚ ਉਨ੍ਹਾਂ ਦੇ ਮਨ ਜ਼ਰੂਰ ਮੇਲ ਖਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਸੰਸਦੀ ਅਹਾਤੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਫੌਜੀ ਸ਼ਕਤੀ ਨੂੰ ਦੇਖ ਰਹੀ ਹੈ। ਭਾਰਤੀ ਫੌਜ ਨੇ ਕਰੀਬ 22 ਮਿੰਟਾਂ ਵਿਚ ਹੀ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਜ਼ਮੀਨਦੋਜ਼ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦਾ ਮੌਨਸੂਨ ਇਜਲਾਸ ਵਿਜੈ ਉਤਸਵ ਹੈ। ਨਕਸਲਵਾ ਦਾ ਦਾਇਰਾ ਸੁੰਗੜ ਰਿਹਾ ਹੈ ਅਤੇ ਕੱਲ੍ਹ ਤੱਕ ਜਿਹੜੇ ‘ਰੈੱਡ ਕੋਰੀਡੋਰ’ ਸੀ, ਉਹ ਹੁਣ ਗ੍ਰੀਨ, ਗਰੋਥ ਜ਼ੋਨ’ ਵਿਚ ਤਬਦੀਲ ਹੋ ਰਹੇ ਹਨ। ਭਾਰਤ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਤਿਰੰਗਾ ਲਹਿਰਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਮਹਿੰਗਾਈ ਦਰ ਦੋਹਰੇ ਅੰਕੜਿਆਂ ਵਿਚ ਸੀ, ਪਰ ਅੱਜ ਦੋ ਫੀਸਦ ਦੇ ਨੇੜੇ ਤੇੜੇ ਪਹੁੰਚ ਗਈ ਹੈ ਤੇ ਆਮ ਆਦਮੀ ਨੂੰ ਰਾਹਤ ਮਿਲੀ ਹੈ। ਭਾਰਤ ਵਿਸ਼ਵ ਦੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਵੱਲ ਵਧ ਰਿਹਾ ਹੈ।

ਸਿਆਸੀ ਪਾਰਟੀਆਂ ਸਦਨ ਵਿਚ ਸੁਚਾਰੂ ਕੰਮਕਾਜ ਅਤੇ ਸਿਹਤਮੰਦ ਗੱਲਬਾਤ ’ਚ ਸਹਿਯੋਗ ਕਰਨ: ਬਿਰਲਾ

July 21, 2025 10:55 am

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸਦਨ ਦੇ ਸੁਚਾਰੂ ਕੰਮਕਾਜ, ਰਚਨਾਤਮਕ ਚਰਚਾ ਅਤੇ ਸਿਹਤਮੰਦ ਲੋਕਤੰਤਰੀ ਗੱਲਬਾਤ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਬਿਰਲਾ ਨੇ 'X' ’ਤੇ ਪੋਸਟ ਕੀਤਾ, ‘‘18ਵੀਂ ਲੋਕ ਸਭਾ ਦਾ ਪੰਜਵਾਂ ਸੈਸ਼ਨ (ਮੌਨਸੂਨ ਸੈਸ਼ਨ) ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਲੋਕਤੰਤਰ ਦੇ ਇਸ ਪਵਿੱਤਰ ਮੰਦਰ ਵਿੱਚ, ਲੋਕਾਂ ਦੀਆਂ ਇੱਛਾਵਾਂ ਦੇ ਪ੍ਰਗਟਾਵੇ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਸਾਡੇ ਸਾਰੇ ਪ੍ਰਤੀਨਿਧੀਆਂ ਦੀ ਸਮੂਹਿਕ ਭੂਮਿਕਾ ਬਹੁਤ ਮਹੱਤਵਪੂਰਨ ਹੈ।’’ ਉਨ੍ਹਾਂ ਕਿਹਾ, ‘‘ਮੌਨਸੂਨ ਸੈਸ਼ਨ ਤੋਂ ਪਹਿਲਾਂ, ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਮਾਣਯੋਗ ਮੈਂਬਰਾਂ ਨੂੰ ਸਦਨ ਦੇ ਸੁਚਾਰੂ ਕੰਮਕਾਜ, ਰਚਨਾਤਮਕ ਵਿਚਾਰ-ਵਟਾਂਦਰੇ ਅਤੇ ਸਿਹਤਮੰਦ ਲੋਕਤੰਤਰੀ ਸੰਵਾਦ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਅਸੀਂ ਸਮਾਵੇਸ਼ੀ ਵਿਕਾਸ, ਸਮਾਜਿਕ ਨਿਆਂ ਅਤੇ ਆਰਥਿਕ ਤਰੱਕੀ ਲਈ ਠੋਸ ਕਦਮ ਚੁੱਕ ਸਕੀਏ।" ਉਨ੍ਹਾਂ ਉਮੀਦ ਪ੍ਰਗਟਾਈ ਕਿ ਲੋਕਤੰਤਰ ਦੀ ਸ਼ਾਨ, ਸੰਸਦ ਦੀ ਸ਼ਾਨ ਅਤੇ ਜਨਤਕ ਹਿੱਤਾਂ ਦੀ ਤਰਜੀਹ ਵਰਗੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ ਇਹ ਮੌਨਸੂਨ ਸੈਸ਼ਨ ਸਾਰਥਕ ਅਤੇ ਸਫਲ ਹੋਵੇਗਾ ਅਤੇ ਇਕੱਠੇ ਮਿਲ ਕੇ ਅਸੀਂ ਲੋਕਤੰਤਰੀ ਚੇਤਨਾ, ਵਿਭਿੰਨਤਾ ਵਿੱਚ ਏਕਤਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਾਰਥਕ ਯੋਗਦਾਨ ਪਾਵਾਂਗੇ।

This Live Blog has Ended
Advertisement