ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਸਹਿਮਤੀ ਬਣਨ ਤੋਂ ਇਕ ਦਿਨ ਮਗਰੋਂ ਬੁੱਧਵਾਰ ਨੂੰ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਪਹਿਲੀ ਵਾਰ ਸੰਸਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚੱਲੀ। ਲੋਕ ਸਭਾ ਦੀ ਕਾਰਵਾਈ ਪ੍ਰਸ਼ਨ ਕਾਲ ਸ਼ੁਰੂ ਹੋਈ।
ਮੰਗਲਵਾਰ ਸ਼ਾਮ ਨੂੰ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ, ਅਗਲੇ ਸੋਮਵਾਰ ਨੂੰ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਅਤੇ ਅਗਲੇ ਮੰਗਲਵਾਰ ਨੂੰ ਚੋਣ ਸੁਧਾਰਾਂ ’ਤੇ ਲੋਕ ਸਭਾ ਵਿੱਚ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਪਹਿਲਾਂ ਅੱਜ ਜਿਵੇਂ ਹੀ ਸਦਨ ਜੁੜਿਆ ਤਾਂ ਮੈਂਬਰਾਂ ਨੇ ਉਨ੍ਹਾਂ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਫਿਰ ਸਦਨ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ। ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੇ ਵਿਸ਼ੇਸ਼ ਵਿਆਪਕ ਸੋਧ (SIR) ਅਭਿਆਸ ’ਤੇ ਬਹਿਸ ਦੀ ਮੰਗ ਕਰਦਿਆਂ ਕਾਰਵਾਈ ਵਿੱਚ ਵਿਘਨ ਪਾਇਆ।
ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ। ਇਜਲਾਸ ਦੇ ਪਹਿਲੇ ਦੋ ਦਿਨ ਵਿਰੋਧੀ ਧਿਰਾਂ ਨੇ SIR ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪਿਆ।
ਇਸ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪਾਰਟੀ ਮੁਖੀਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਕਿਰਤ ਕੋਡਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਕਾਂਗਰਸ, ਡੀਐਮਕੇ, ਟੀਐਮਸੀ, ਖੱਬੇ-ਪੱਖੀ ਪਾਰਟੀਆਂ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਨੇ ਸੰਸਦ ਦੇ ਮਕਰ ਦੁਆਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਨਵੇਂ ਕਿਰਤ ਕੋਡਾਂ ਖਿਲਾਫ਼ ਪੋਸਟਰ ਅਤੇ ਤਖ਼ਤੀਆਂ ਲੈ ਕੇ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਖੜਗੇ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਇਲਾਵਾ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਟੀਐਮਸੀ ਦੀ ਡੋਲਾ ਸੇਨ, ਡੀਐਮਕੇ ਦੇ ਕੇ ਕੰਨੀਮੋੜੀ ਅਤੇ ਏ ਰਾਜਾ, ਸੀਪੀਆਈ(ਐਮ) ਦੇ ਜੌਨ ਬ੍ਰਿਟਾਸ, ਸੀਪੀਆਈ(ਐਮਐਲ) ਲਿਬਰੇਸ਼ਨ ਦੇ ਸੁਦਾਮਾ ਪ੍ਰਸਾਦ ਸਮੇਤ ਹੋਰਨਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਸੰਸਦ ਮੈਂਬਰਾਂ ਨੇ ਇੱਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ ਜਿਸ 'ਤੇ ਲਿਖਿਆ ਸੀ - ‘ਕਾਰਪੋਰੇਟ ਜੰਗਲ ਰਾਜ ਨੂੰ ਨਹੀਂ, ਲੇਬਰ ਜਸਟਿਸ ਨੂੰ ਹਾਂ’।
ਸਰਦ ਰੁੱਤ ਇਜਲਾਸ ਦੌਰਾਨ ਸੰਸਦੀ ਅਹਾਤੇ ਵਿਚ ਲੇਬਰ ਕੋਡ ਖਿਲਾਫ਼ ਧਰਨੈ ਪ੍ਰਦਰਸ਼ਨ ਵਿਚ ਸ਼ਾਮਲ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮਲਿਕਾਰਜੁਨ ਖੜਗੇ। ਫੋਟੋ: ਪੀਟੀਆਈ
ਕਾਬਿਲੇਗੌਰ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਚਾਰ ਕਿਰਤ ਕੋਡਾਂ ਨੂੰ ਸੂਚਿਤ ਕੀਤਾ ਸੀ, ਜੋ 2020 ਤੋਂ ਲੰਬਿਤ ਸਨ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ 29 ਮੌਜੂਦਾ ਕਿਰਤ-ਸਬੰਧਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਦੁਬਾਰਾ ਪੈਕ ਕੀਤਾ ਗਿਆ ਹੈ। ਚਾਰ ਕਿਰਤ ਕੋਡ: ਮਜ਼ਦੂਰੀ ਕੋਡ (2019), ਉਦਯੋਗਿਕ ਸਬੰਧ ਕੋਡ (2020), ਸਮਾਜਿਕ ਸੁਰੱਖਿਆ ਕੋਡ (2020) ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ (2020)।
ਫਰਜ਼ੀ ਖ਼ਬਰਾਂ ਲੋਕਤੰਤਰ ਲਈ ਖ਼ਤਰਾ, ਸਰਕਾਰ ਇਸ ਨੂੰ ਰੋਕਣ ਲਈ ਕੰਮ ਕਰ ਰਹੀ ਹੈ: ਅਸ਼ਵਿਨੀ ਵੈਸ਼ਨਵ December 3, 2025 1:52 pm
ਫਰਜ਼ੀ ਖ਼ਬਰਾਂ ਨੂੰ ਲੋਕਤੰਤਰ ਲਈ ਖ਼ਤਰਾ ਦੱਸਦੇ ਹੋਏ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਆਈ.ਟੀ. ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਨੂੰ ਕਿਹਾ ਕਿ AI ਨਾਲ ਤਿਆਰ ਕੀਤੀਆਂ ਡੀਪ ਫੇਕ ਵੀਡੀਓਜ਼ ਬਣਾਉਣ ਅਤੇ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਵੈਸ਼ਨਵ ਨੇ ਲੋਕ ਸਭਾ ਨੂੰ ਇਹ ਵੀ ਦੱਸਿਆ ਕਿ ਸਰਕਾਰ ਫਰਜ਼ੀ ਖ਼ਬਰਾਂ ਅਤੇ AI ਦੁਆਰਾ ਤਿਆਰ ਕੀਤੀਆਂ ਡੀਪ ਫੇਕ ਵੀਡੀਓਜ਼ ਨੂੰ ਰੋਕਣ ਲਈ ਨਵੇਂ ਨਿਯਮ ਬਣਾਉਣ ਅਤੇ ਇਸ ਲਈ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਕੰਮ ਕਰ ਰਹੀ ਹੈ। ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਕਿਹਾ, "ਫਰਜ਼ੀ ਖ਼ਬਰਾਂ ਇੱਕ ਬਹੁਤ ਗੰਭੀਰ ਮੁੱਦਾ ਹੈ। ਫਰਜ਼ੀ ਖ਼ਬਰਾਂ ਲੋਕਤੰਤਰ ਲਈ ਖ਼ਤਰਾ ਹਨ। ਫਰਜ਼ੀ ਖ਼ਬਰਾਂ ਅਤੇ AI ਨਾਲ ਤਿਆਰ ਕੀਤੀਆਂ ਡੀਪ ਫੇਕ ਵੀਡੀਓਜ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।" ਮੰਤਰੀ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਲੋਕ ਅਤੇ ਪ੍ਰਣਾਲੀ (ecosystem) ਭਾਰਤੀ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ। ਆਨਲਾਈਨ ਸੱਟੇਬਾਜ਼ੀ ਦੀਆਂ ਗਤੀਵਿਧੀਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਨਲਾਈਨ ਪੈਸੇ ਵਾਲੀਆਂ ਖੇਡਾਂ ਨੂੰ ਰੋਕਣ ਲਈ ਇੱਕ ਬਹੁਤ ਹੀ ਸਖ਼ਤ ਕਾਨੂੰਨ ਬਣਾਇਆ ਹੈ। ਕੁਝ ਟੀਵੀ ਨਿਊਜ਼ ਚੈਨਲਾਂ ਦੁਆਰਾ ਕਥਿਤ ਝੂਠੀ ਜਾਣਕਾਰੀ ਫੈਲਾਉਣ ਬਾਰੇ ਇੱਕ ਹੋਰ ਸਵਾਲ 'ਤੇ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਅਜਿਹੀਆਂ ਸ਼ਿਕਾਇਤਾਂ ਨੂੰ ਸਰਗਰਮੀ ਨਾਲ ਦੇਖਦੇ ਹਨ ਅਤੇ ਜਿੱਥੇ ਵੀ ਲੋੜ ਹੁੰਦੀ ਹੈ, ਉੱਥੇ ਕਾਰਵਾਈ ਕਰਦੇ ਹਨ।
ਰਾਜ ਸਭਾ 'ਚ 'ਲੋਕ ਭਵਨ' 'ਤੇ ਸਿਫ਼ਰ ਕਾਲ 'ਤੇ ਬਹਿਸ ਦੌਰਾਨ ਨੱਡਾ ਤੇ ਖੜਗੇ ਵਿਚਾਲੇ ਝੜਪ December 3, 2025 12:56 pm
ਸੰਸਦ ਮੈਂਬਰ ਡੋਲਾ ਸੇਨ ਵੱਲੋਂ ਵਾਧੂ ਮੁੱਦੇ ਉਠਾਉਣ 'ਤੇ, ਸਦਨ ਦੇ ਨੇਤਾ ਜੇ.ਪੀ. ਨੱਡਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ, "ਤੁਸੀਂ ਉਨ੍ਹਾਂ ਨੂੰ ਸਿਫਰ ਕਾਲ ਦੌਰਾਨ ਰਾਜ ਭਵਨ ਦਾ ਨਾਮ ਬਦਲ ਕੇ ਲੋਕ ਭਵਨ ਕਰਨ ਬਾਰੇ ਬੋਲਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਨੇ ਮਨਰੇਗਾ ਅਤੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਇਹ ਵਿਸ਼ੇ ਨਾਲ ਸਬੰਧਤ ਨਹੀਂ ਹੈ, ਇਸ ਲਈ ਇਸ ਨੂੰ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਰਿਕਾਰਡ 'ਤੇ ਨਹੀਂ ਲਿਆਂਦਾ ਜਾਣਾ ਚਾਹੀਦਾ ਅਤੇ ਸਿਰਫ਼ ਲੋਕ ਭਵਨ ਨਾਲ ਸਬੰਧਤ ਮੁੱਦਿਆਂ ਨੂੰ ਹੀ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।" ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਦੁਹਰਾਇਆ ਕਿ "ਵਿਸ਼ੇ ਤੋਂ ਭਟਕਣ ਵਾਲੀ ਕੋਈ ਵੀ ਚੀਜ਼ ਰਿਕਾਰਡ 'ਤੇ ਨਹੀਂ ਜਾਵੇਗੀ"। ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਸੇਨ ਦਾ ਬਚਾਅ ਕਰਦਿਆਂ ਦਲੀਲ ਦਿੱਤੀ, "ਉਨ੍ਹਾਂ ਨੇ ਕੋਈ ਗੈਰ-ਸੰਸਦੀ ਸ਼ਬਦ ਨਹੀਂ ਬੋਲਿਆ ਹੈ। ਹਰ ਚੀਜ਼ ਵਿਸ਼ੇ ਨਾਲ ਜੁੜੀ ਹੋਈ ਹੈ। ਅਤੇ ਉਸ ਵਿਸ਼ੇ ਦੀ ਤੁਹਾਡੇ ਦਫ਼ਤਰ ਵਿੱਚ ਜਾਂਚ ਕੀਤੀ ਗਈ ਸੀ, ਉਸ ਤੋਂ ਬਾਅਦ ਉਹ ਬੋਲੀਆਂ ਗਈਆਂ।" ਸਰਕਾਰ 'ਤੇ ਬਹਿਸ ਨੂੰ ਦਬਾਉਣ ਦਾ ਦੋਸ਼ ਲਗਾਉਂਦੇ ਹੋਏ, ਖੜਗੇ ਨੇ ਕਿਹਾ, "ਸਦਨ ਦਾ ਨੇਤਾ ਦਖਲ ਨਹੀਂ ਦੇ ਸਕਦਾ ਅਤੇ ਇਹ ਨਹੀਂ ਕਹਿ ਸਕਦਾ ਕਿ ਉਹ ਗੈਰ-ਸੰਸਦੀ ਹੈ ਅਤੇ ਇਸ ਨੂੰ ਰਿਕਾਰਡ ’ਚੋਂ ਹਟਾਇਆ ਜਾਵੇ। ਨੇਤਾ (ਸਦਨ ਦਾ) ਬੁਲਡੋਜ਼ ਕਰ ਰਿਹਾ ਹੈ। ਤੁਸੀਂ ਸੰਸਦੀ ਲੋਕਤੰਤਰ ਦੇ ਅਨੁਸਾਰ ਨਹੀਂ ਚੱਲਣਾ ਚਾਹੁੰਦੇ।" ਨੱਡਾ ਨੇ ਆਪਣੇ ਦਖਲ ਦਾ ਬਚਾਅ ਕਰਦੇ ਹੋਏ ਕਿਹਾ, "ਮੈਂ ਕਦੇ ਬੁਲਡੋਜ਼ ਨਹੀਂ ਕੀਤਾ", ਅਤੇ ਸਪੱਸ਼ਟ ਕੀਤਾ ਕਿ ਉਹ ਸਿਰਫ ਬੇਨਤੀ ਕਰ ਰਹੇ ਸਨ ਕਿ ਵਿਸ਼ੇ ਨਾਲ ਸਬੰਧਤ ਮਾਮਲੇ ਨੂੰ ਰਿਕਾਰਡ ਉੱਤੇ ਲਿਆ ਜਾਵੇ।
ਰਾਜ ਭਵਨਾਂ ਦੇ ਨਾਮ ਬਦਲਣ ਅਤੇ ਟਿੱਪਣੀਆਂ ਹਟਾਂਉਣ ਨੂੰ ਲੈ ਕੇ ਰਾਜ ਸਭਾ ਵਿਚ ਸ਼ਬਦੀ ਜੰਗ December 3, 2025 12:50 pm
ਰਾਜ ਸਭਾ ਵਿੱਚ ਉਦੋਂ ਗਰਮਾ-ਗਰਮ ਬਹਿਸ ਹੋਈ ਜਦੋਂ ਏਆਈਟੀਸੀ ਮੈਂਬਰ ਡੋਲਾ ਸੇਨ ਨੇ 25 ਨਵੰਬਰ ਨੂੰ ਗ੍ਰਹਿ ਮੰਤਰਾਲੇ ਦੇ ਦੇਸ਼ ਦੇ ਸਾਰੇ ਰਾਜ ਭਵਨਾਂ ਦਾ ਨਾਮ ਬਦਲ ਕੇ ਲੋਕ ਭਵਨ ਕਰਨ ਦੇ ਨਿਰਦੇਸ਼ ਦਾ ਮੁੱਦਾ ਸਿਫਰ ਕਾਲ ਦੌਰਾਨ ਉਠਾਇਆ। ਹਾਲਾਂਕਿ, ਚਰਚਾ ਨੇ ਵਿਵਾਦਪੂਰਨ ਮੋੜ ਲੈ ਲਿਆ ਜਦੋਂ ਸੇਨ ਨੇ ਮਨਰੇਗਾ ਸਮੇਤ ਹੋਰ ਮੁੱਦੇ ਉਠਾਏ, ਜਿਸ ਕਾਰਨ ਸਭਾਪਤੀ ਨੂੰ ਦਖਲ ਦੇਣਾ ਪਿਆ ਅਤੇ ਕਿਹਾ ਕਿ ਇਹ ਟਿੱਪਣੀਆਂ ਰਿਕਾਰਡ ਵਿੱਚ ਨਹੀਂ ਆਉਣਗੀਆਂ।
ਸੰਚਾਰ ਸਾਥੀ ਐਪ ਨਾਲ ਜਾਸੂਸੀ ਨਾ ਤਾਂ ਸੰਭਵ ਹੈ ਅਤੇ ਨਾ ਹੀ ਹੋਵੇਗੀ: ਸਿੰਧੀਆ December 3, 2025 12:48 pm
ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਵਿੱਚ ਕਿਹਾ ਕਿ ਇਹ ਐਪ ਲੋਕਾਂ ਦੀ ਸੁਰੱਖਿਆ ਲਈ ਹੈ। ਮੰਤਰੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ, "ਸੰਚਾਰ ਸਾਥੀ ਐਪ ਸੇ "ਨਾ ਜਾਸੂਸੀ ਸੰਭਵ ਹੈ, ਨਾ ਜਾਸੂਸੀ ਹੋਗੀ"। ਐਪ ਬਾਰੇ ਚਰਚਾ ਦੇ ਸੰਦਰਭ ਵਿੱਚ, ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਦੇ ਹੱਥਾਂ ਵਿੱਚ ਸ਼ਕਤੀ ਦੇਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੀ ਰੱਖਿਆ ਕਰ ਸਕਣ।
ਰਿਜੀਜੂ ਨੇ ਵਿਦੇਸ਼ੀ ਵਫ਼ਦ ਦੀ ਫੇਰੀ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਦੀ ਨਿੰਦਾ ਕੀਤੀ December 3, 2025 12:46 pm
ਵਿਰੋਧੀ ਧਿਰਾਂ ਵੱਲੋਂ ਸਾਂਝੀ ਰਣਨੀਤੀ ਲਈ ਖੜਗੇ ਦੇ ਚੈਂਬਰ ਵਿਚ ਬੈਠਕ December 3, 2025 12:44 pm
ਵਿਰੋਧੀ ਧਿਰਾਂ ਦੇ ਆਗੂਆਂ ਨੇ ਆਪਣੀ ਸਾਂਝੀ ਰਣਨੀਤੀ ’ਤੇ ਚਰਚਾ ਲਈ ਬੁੱਧਵਾਰ ਨੂੰ ਸੰਸਦ ਵਿਚ ਬੈਠਕ ਕੀਤੀ। ਕਾਂਗਰਸ, DMK, RJD, SP, JMM, CPI-M, CPI, IUML, NCP-SP, ਅਤੇ SS-UBT ਸਮੇਤ ਵੱਖ-ਵੱਖ ਪਾਰਟੀਆਂ ਦੇ ਫਲੋਰ ਲੀਡਰ ਮੀਟਿੰਗ ਵਿੱਚ ਸ਼ਾਮਲ ਹੋਏ, ਜਦੋਂ ਕਿ ਤ੍ਰਿਣਮੂਲ ਕਾਂਗਰਸ (TMC) ਇਸ ਤੋਂ ਦੂਰ ਰਹੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਨਵੇਂ ਕਿਰਤ ਕੋਡਾਂ ਖਿਲਾਫ਼ ਵਿਰੋਧ ਪ੍ਰਦਰਸ਼ਨ December 3, 2025 11:45 am
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪਾਰਟੀ ਮੁਖੀਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਕਿਰਤ ਕੋਡਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ।