ਭਾਜਪਾ ਆਗੂ ਜੇਪੀ ਨੱਢਾ ਨੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ
July 30, 2025 3:34 pm
ਭਾਜਪਾ ਆਗੂ ਜੇਪੀ ਨੱਢਾ ਨੇ ਰਾਜ ਸਭਾ ਵਿਚ ਅਪਰੇਸ਼ਨ ਸਿੰਧੂਰ ਬਾਰੇ ਬਹਿਸ ਦੌਰਾਨ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ 'ਗੈਰ-ਪ੍ਰਤੀਕਿਰਿਆਸ਼ੀਲ, ਗੈਰ-ਜਵਾਬਦੇਹ' ਸਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੀਡਰਸ਼ਿਪ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਹਥਿਆਰਬੰਦ ਬਲਾਂ ਨੂੰ ਨਿਰਦੇਸ਼ ਦਿੰਦੀ ਹੈ। ਨੱਢਾ ਨੇ ਕਿਹਾ ਕਿ ਦਿੱਲੀ, ਵਾਰਾਣਸੀ, ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ, ਇਹ ਉਸ ਸਮੇਂ ਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।
UNSC ਮੈਂਬਰ ਨਾ ਹੋਣ ਦੇ ਬਾਵਜੂਦ ਅਸੀਂ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਵਿਚ ਸਫ਼ਲ ਰਹੇ: ਜੈਸ਼ੰਕਰ
July 30, 2025 1:09 pm
ਜੈਸ਼ੰਕਰ ਨੇ ਕਿਹਾ ਕਿ ਭਾਰਤ ਯੂਐੱਨ ਸਲਾਮਤੀ ਕੌਂਸਲ ਦਾ ਸਥਾਈ ਮੈਂਬਰ ਨਹੀਂ ਹੈ, ਪਰ ਇਸ ਦੇ ਬਾਵਜੂਦ ਅਸੀਂ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਬਾਰੇ UNSC ਦਾ ਬਿਆਨ ਪ੍ਰਾਪਤ ਕਰਨ ਦੇ ਯੋਗ ਹੋਏ। ਜੇਕਰ ਤੁਸੀਂ ਅਪਰੇਸ਼ਨ ਸਿੰਧੂਰ ਦਾ ਪ੍ਰਭਾਵ ਦੇਖਣਾ ਚਾਹੁੰਦੇ ਹੋ, ਤਾਂ ਅਤਿਵਾਦੀਆਂ ਦੇ ਅੰਤਿਮ ਸੰਸਕਾਰ, ਪਾਕਿਸਤਾਨੀ ਹਵਾਈ ਖੇਤਰਾਂ ਦੀ ਤਬਾਹੀ ਦੇ ਵੀਡੀਓ ਦੇਖੋ। ਅਸੀਂ ਪਾਕਿਸਤਾਨ ਦੇ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ ਕੁੱਲ ਆਲਮ ਦੀ ਸੇਵਾ ਕੀਤੀ।
22 ਅਪਰੈਲ ਤੋਂ 16 ਜੂਨ ਤੱਕ ਮੋਦੀ ਤੇ ਟਰੰਪ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ: ਜੈਸ਼ੰਕਰ
July 30, 2025 1:03 pm
ਜੈਸ਼ੰਕਰ ਨੇ ਕਿਹਾ ਕਿ 9 ਮਈ ਨੂੰ ਅਮਰੀਕੀ ਉਪ-ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ 'ਤੇ ਵੱਡੇ ਹਮਲੇ ਦੀ ਪਾਕਿਸਤਾਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਹਮਲਾ ਕੀਤਾ, ਅਤੇ ਭਾਰਤ ਨੇ ਢੁਕਵਾਂ ਜਵਾਬ ਦਿੱਤਾ। ਜੈ਼ਸ਼ੰਕਰ ਨੇ ਕਿਹਾ ਕਿ ਭਾਰਤ-ਪਾਕਿ ਜੰਗਬੰਦੀ ਵਿਚ ਅਮਰੀਕਾ ਜਾਂ ਹੋਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੀ ਕੋਈ ਭੂਮਿਕਾ ਨਹੀਂ ਸੀ। 22 ਅਪਰੈਲ ਤੋਂ 16 ਜੂਨ ਤੱਕ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ।
ਭਾਰਤ ਕੂਟਨੀਤੀ ਜ਼ਰੀਏ ਟੀਆਰਐੱਫ ਨੂੰ ਦਹਿਸ਼ਤੀ ਜਥੇਬੰਦੀ ਐਲਾਨੇ ਜਾਣ ’ਚ ਸਫ਼ਲ ਰਿਹਾ: ਜੈਸ਼ੰਕਰ
July 30, 2025 12:36 pm
ਜੈਸ਼ੰਕਰ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਦੀ ਮਾਨਤਾ ਪ੍ਰਾਪਤ ਕਰਨ ਦੇ ਯੋਗ ਹੋਏ ਕਿ ਦ ਰੇਜ਼ਿਸਟੈਂਸ ਫਰੰਟ (TRF) ਪਾਕਿਸਤਾਨ-ਅਧਾਰਤ ਲਸ਼ਕਰ-ਏ-ਤੋਇਬਾ ਦਾ ਪ੍ਰੌਕਸੀ ਹੈ। ਭਾਰਤੀ ਕੂਟਨੀਤੀ ਨੇ TRF ਨੂੰ ਅਮਰੀਕਾ ਵੱਲੋਂ ਦਹਿਸ਼ਤੀ ਜਥੇਬੰਦੀ ਐਲਾਨਣ ਵਿਚ ਸਫ਼ਲਤਾ ਹਾਸਲ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਸੁਨੇਹਾ ਦਿੱਤਾ ਹੈ ਕਿ ਭਾਰਤ ਵਿਚੋਲਗੀ ਲਈ ਤਿਆਰ ਨਹੀਂ ਹੈ, ਅਸੀਂ ਪ੍ਰਮਾਣੂ ਬਲੈਕਮੇਲ ਸਵੀਕਾਰ ਨਹੀਂ ਕਰਾਂਗੇ। ਅਸੀਂ ਪਾਕਿਸਤਾਨ ਹਮਲੇ ਦਾ ਜਵਾਬ ਦਿੱਤਾ ਹੈ, ਅਤੇ ਪਾਕਿਸਤਾਨ ਮੁੜ ਅਜਿਹੀ ਹਿਮਾਕਤ ਕਰੇਗਾ ਤਾਂ ਅਸੀਂ ਜਵਾਬ ਦਿੰਦੇ ਰਹਾਂਗੇ।
ਸਿੰਧੂ ਜਲ ਸੰਧੀ ਮੁਅੱਤਲ ਕਰਕੇ ਨਹਿਰੂ ਦੀਆਂ ਗ਼ਲਤੀਆਂ ਨੂੰ ਸੁਧਾਰਿਆ: ਜੈਸ਼ੰਕਰ
July 30, 2025 12:30 pm
ਜੈਸ਼ੰਕਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਨਹਿਰੂ ਦੀਆਂ ਨੀਤੀਆਂ ਦੀਆਂ ਗਲਤੀਆਂ ਨੂੰ ਸੁਧਾਰਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਕੀਤੇ ਗਏ ਸਿੰਧੂ ਜਲ ਸਮਝੌਤੇ ’ਤੇ ਸ਼ਾਂਤੀ ਖਰੀਦਣ ਲਈ ਨਹੀਂ, ਸਗੋਂ ਤੁਸ਼ਟੀਕਰਨ ਲਈ ਦਸਤਖਤ ਕੀਤੇ ਸਨ। ਮੋਦੀ ਸਰਕਾਰ ਦੇ ਯਤਨਾਂ ਕਾਰਨ ਅਤਿਵਾਦ ਹੁਣ ਵਿਸ਼ਵਵਿਆਪੀ ਏਜੰਡੇ 'ਤੇ ਹੈ। ਅਸੀਂ ਵਿੱਤੀ ਐਕਸ਼ਨ ਟਾਸਕ ਫੋਰਸ (FATF) ਪ੍ਰਕਿਰਿਆ ਰਾਹੀਂ ਪਾਕਿਸਤਾਨ 'ਤੇ ਭਾਰੀ ਦਬਾਅ ਪਾਇਆ।
ਖ਼ੂਨ ਤੇ ਪਾਣੀ ਇਕੱਠੇ ਨਹੀਂ ਵਗਣਗੇ: ਜੈਸ਼ੰਕਰ
July 30, 2025 12:27 pm
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਰਾਜ ਸਭਾ ਵਿਚ ਅਪਰੇਸ਼ਨ ਸਿੰਧੂਰ ’ਤੇ ਚਰਚਾ ਦੌਰਾਨ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲਾ ਬਿਲਕੁਲ ਅਸਵੀਕਾਰਯੋਗ ਸੀ ਤੇ ਲਾਲ ਰੇਖਾ ਪਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਜਵਾਬਦੇਹੀ ਅਤੇ ਨਿਆਂ ਹੋਣਾ ਚਾਹੀਦਾ ਸੀ। ਜੈਸ਼ੰਕਰ ਨੇ ਕਿਹਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਗਣਗੇ। ਜੈਸ਼ੰਕਰ ਨੇ ਕਿਹਾ ਕਿ ਭਾਰਤ 1947 ਤੋਂ ਸਰਹੱਦ ਪਾਰ ਅਤਿਵਾਦ ਦਾ ਸਾਹਮਣਾ ਕਰ ਰਿਹਾ ਹੈ।