ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Red Fort Blast: ਧਮਾਕੇ ਵਿੱਚ ਸ਼ਾਮਲ ਹਰ ਦੋਸ਼ੀ ਨੂੰ ਲੱਭਿਆ ਜਾਵੇ: ਸ਼ਾਹ

ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਧਮਾਕੇ ਵਾਲੀ ਥਾਂ ਤਾਇਨਾਤ ਸੁਰੱਖਿਆ ਕਰਮੀ। ਫੋਟੋ: ਪੀਟੀਆਈ
Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਦੀ ਸਥਿਤੀ ਦਾ ਦੋ ਵਾਰ ਜਾਇਜ਼ਾ ਲਿਆ। ਸ਼ਾਹ ਨੇ ਸਵੇਰੇ ਇੱਕ ਮੀਟਿੰਗ ਕੀਤੀ ਸੀ ਅਤੇ ਫਿਰ ਦੁਪਹਿਰ ਨੂੰ ਇੱਕ ਹੋਰ ਮੀਟਿੰਗ ਕੀਤੀ।

ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਧਮਾਕੇ ਵਿੱਚ ਸ਼ਾਮਲ ਹਰ ਦੋਸ਼ੀ ਨੂੰ ਲੱਭਣ ਦੇ ਨਿਰਦੇਸ਼ ਦਿੱਤੇ ਹਨ।

Advertisement

ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤੇ ਵਿਸਫੋਟਕ ਐਕਟ (Explosives Act) ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਕਿਉਂਕਿ ਮੁੱਢਲੀ ਜਾਂਚ ਵਿਚ ਧਮਾਕੇ ਦੇ ਤਾਰ ਫਰੀਦਾਬਾਦ ’ਚ ਸਾਹਮਣੇ ਆਏ ਅਤਿਵਾਦੀ ਮੌਡਿਊਲ ਨਾਲ ਜੁੜੇ ਹੋਣ ਦਾ ਸੰਕੇਤ ਮਿਲਿਆ ਹੈ। ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਕੌਮੀ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ ਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੋ ਰੋਜ਼ਾ ਫੇਰੀ ਲਈ ਭੂਟਾਨ ਦੇ ਦੌਰੇ ’ਤੇ ਹਨ।

ਥਿੰਫੂ ਵਿਚ ਇਕ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ, ‘‘ਦਿੱਲੀ ਵਿਚ ਸੋਮਵਾਰ ਨੂੰ ਹੋਏ ਕਾਰ ਧਮਾਕੇ ਪਿਛਲੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।" ਉਨ੍ਹਾਂ ਕਿਹਾ, ‘‘ਅੱਜ, ਮੈਂ ਇੱਥੇ ਬਹੁਤ ਭਾਰੀ ਦਿਲ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਹੈ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੈਂ ਕੱਲ੍ਹ ਰਾਤ ਇਸ ਘਟਨਾ ਦੀ ਜਾਂਚ ਕਰ ਰਹੀਆਂ ਸਾਰੀਆਂ ਏਜੰਸੀਆਂ ਦੇ ਸੰਪਰਕ ਵਿੱਚ ਸੀ। ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ। ਇਸ ਦੇ ਪਿੱਛੇ ਸਾਜ਼ਿਸ਼ਕਰਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।" ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਦੁਖਾਂਤ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਦਾ ਦੇਸ਼ ਵਾਸੀਆਂ ਨੂੰ ਭਰੋੋਸਾ ਦਿੱਤਾ ਹੈ।

ਇਸ ਦੌਰਾਨ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਬੁੱਧਵਾਰ ਨੂੰ ਹੋਵੇਗੀ, ਜਿਸ ਵਿਚ ਦਿੱਲੀ ’ਚ ਹੋਏ ਧਮਾਕੇ ਮਗਰੋਂ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੀਸੀਐੱਸ ਦੀ ਬੈਠਕ ਵਿਚ ਆਪਣੀ ਰਿਪੋਰਟ ਪੇਸ਼ ਕਰਨਗੇ। ਸੀਸੀਐੱਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਹਨ। ਹਾਲ ਦੀ ਘੜੀ ਜਾਂਚ ਏਜੰਸੀਆਂ ਵੱਲੋਂ ਦਿੱਲੀ ਧਮਾਕੇ ਦੇ ਸਾਰੇ ਪਹਿਲੂਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ।

ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਕੋਤਵਾਲੀ ਪੁਲੀਸ ਥਾਣੇ ਵਿੱਚ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ (UAPA), ਵਿਸਫੋਟਕ ਐਕਟ ਅਤੇ BNS ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਐੱਫਆਈਆਰ ਵਿਚ UAPA ਦੀਆਂ ਧਾਰਾਵਾਂ 16 ਅਤੇ 18 ਸ਼ਾਮਲ ਕੀਤੀਆਂ ਗਈਆਂ ਹਨ, ਜੋ ਅਤਿਵਾਦੀ ਹਮਲੇ ਲਈ ਸਜ਼ਾ ਅਤੇ ਸਾਜ਼ਿਸ਼ ਨਾਲ ਸਬੰਧਤ ਹਨ।

ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੇਰੇ 11 ਵਜੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਡੀਜੀ, ਐਨਆਈਏ, ਸਦਾਨੰਦ ਵਸੰਤ ਦਾਤੇ ਸ਼ਾਮਲ ਸਨ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਏ।

ਸੂਤਰਾਂ ਅਨੁਸਾਰ ਪੁਲਵਾਮਾ ਦਾ ਰਹਿਣ ਵਾਲਾ ਅਤੇ ਇੱਕ ਡਾਕਟਰ ਉਮਰ ਮੁਹੰਮਦ ਕਥਿਤ ਤੌਰ ’ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਨੇੜੇ ਧਮਾਕੇ ਲਈ ਵਰਤੀ ਗਈ ਹੁੰਡਈ ਆਈ20 ਕਾਰ ਚਲਾ ਰਿਹਾ ਸੀ।

ਪੁਲੀਸ ਸੂਤਰਾਂ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾ ਰਹੇ ਵਿਅਕਤੀ ਦੀ ਪਹਿਲੀ ਤਸਵੀਰ ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਕਥਿਤ ਤੌਰ ’ਤੇ ਫਰੀਦਾਬਾਦ ਵਿੱਚ ਅਤਿਵਾਦੀ ਮੌਡਿਊਲ ਨਾਲ ਸਬੰਧ ਸਨ, ਜਿੱਥੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ।

ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਡੈਟੋਨੇਟਰ ਵਰਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਧਮਾਕੇ ਅਤੇ ਫਰੀਦਾਬਾਦ ਅਤਿਵਾਦੀ ਮੌਡਿਊਲ ਵਿਚਕਾਰ ਇੱਕ ਸੰਭਾਵਿਤ ਸਬੰਧ ਹੈ ਜਿੱਥੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਸੀ, ਪਰ ਅਜੇ ‘ਅੰਤਿਮ ਰਿਪੋਰਟਾਂ ਦੀ ਉਡੀਕ ਹੈ।’

ਪੁਲੀਸ ਨੇ ਕਿਹਾ ਕਿ ਧਮਾਕੇ ਵਾਲੀ ਕਾਰ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ‘ਨਕਾਬਪੋਸ਼ ਵਿਅਕਤੀ’ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੇ ਆਸ-ਪਾਸ ਅਤੇ ਨਾਲ ਲੱਗਦੇ ਰਸਤਿਆਂ ਤੋਂ ਸੀਸੀਟੀਵੀ ਸਕੈਨ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਲਾਲ ਕਿਲਾ ਮੈਟਰੋ ਸਟੇਸ਼ਨ 12 ਨਵੰਬਰ ਨੂੰ ਬੰਦ ਰਹੇਗਾ

November 11, 2025 8:08 pm

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਅੱਜ ਦੱਸਿਆ ਕਿ ਲਾਲ ਕਿਲਾ ਖੇਤਰ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ ਇਹਤਿਆਤ ਵਜੋਂ ਲਾਲ ਕਿਲਾ ਮੈਟਰੋ ਸਟੇਸ਼ਨ 12 ਨਵੰਬਰ ਨੂੰ ਬੰਦ ਰਹੇਗਾ। ਡੀਐਮਆਰਸੀ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਸੁਰੱਖਿਆ ਕਾਰਨਾਂ ਕਰ ਕੇ ਲਾਲ ਕਿਲਾ ਮੈਟਰੋ ਸਟੇਸ਼ਨ 12 ਨਵੰਬਰ ਨੂੰ ਬੰਦ ਰਹੇਗਾ ਪਰ ਬਾਕੀ ਸਾਰੇ ਸਟੇਸ਼ਨ ਆਮ ਵਾਂਗ ਕੰਮ ਕਰਨਗੇ। ਇਸ ਦੌਰਾਨ ਲਾਲ ਕਿਲੇ ਦੇ ਨੇੜੇ ਚਾਂਦਨੀ ਚੌਕ ਬਾਜ਼ਾਰ ਦੇ ਕੁਝ ਹਿੱਸੇ ਅਤੇ ਨੇੜਲੇ ਹੋਰ ਬਾਜ਼ਾਰ ਅੱਜ ਬੰਦ ਰਹੇ।

ਲਾਲ ਕਿਲਾ ਧਮਾਕਾ: ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਲਈ 10-10 ਲੱਖ ਰੁਪਏ ਦੇਣ ਦਾ ਐਲਾਨ

November 11, 2025 7:39 pm

ਦਿੱਲੀ ਲਾਲ ਕਿਲਾ ਬੰਬ ਧਮਾਕੇ ਦੇ ਮਾਮਲੇ ਵਿਚ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਮ੍ਰਿਤਕ ਲਈ 10-10 ਲੱਖ ਰੁਪਏ, ਅਪਾਹਜਾਂ ਨੂੰ 5-5 ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਅੱਲੂ ਅਰਜੁਨ, ਪ੍ਰਿਅੰਕਾ ਚੋਪੜਾ ਸਮੇਤ ਹੋਰ ਹਸਤੀਆਂ ਨੇ ਦਿੱਲੀ ਕਾਰ ਧਮਾਕੇ ’ਤੇ ਜਤਾਇਆ ਦੁੱਖ

November 11, 2025 5:59 pm

ਅੱਲੂ ਅਰਜੁਨ, ਪ੍ਰਿਅੰਕਾ ਚੋਪੜਾ ਅਤੇ ਕਰਨ ਜੌਹਰ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਲੋਕਾਂ ਨੂੰ ਚੌਕਸ ਅਤੇ ਸੂਚਿਤ ਰਹਿਣ ਲਈ ਕਿਹਾ ਹੈ। ਅੱਲੂ ਅਰਜੁਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਸਟੋਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਨ। ਉਨ੍ਹਾਂ ਲਿਖਿਆ, “ਦਿੱਲੀ ਦੇ ਲਾਲ ਕਿਲ੍ਹੇ ਨੇੜੇ ਵਾਪਰੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਮੇਰੀਆਂ ਦਿਲੀ ਪ੍ਰਾਰਥਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ, ਅਤੇ ਮੈਂ ਦੁਬਾਰਾ ਸ਼ਾਂਤੀ ਬਹਾਲ ਹੋਣ ਦੀ ਕਾਮਨਾ ਕਰਦਾ ਹਾਂ।” ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ’ਤੇ ਇੱਕ ਸਟੋਰੀ ਅਪਲੋਡ ਕੀਤੀ, ਜਿਸ ਵਿੱਚ ਉਨ੍ਹਾਂ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੇ ਦਿੱਲੀ ਧਮਾਕੇ ਦੀ ਕੀਤੀ ਨਿੰਦਾ

November 11, 2025 5:52 pm

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਲੀ ਵਿੱਚ ਹੋਏ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਆਵਾਮੀ ਲੀਗ ਦੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਹਸੀਨਾ ਨੇ ਕਿਹਾ, “ਨਵੀਂ ਦਿੱਲੀ ਵਿੱਚ ਹੋਇਆ ਭਿਆਨਕ ਅਤਿਵਾਦੀ ਹਮਲਾ ਕਿਸੇ ਵੀ ਹਾਲਤ ਵਿੱਚ ਅਸਵੀਕਾਰਨਯੋਗ ਹੈ। ਆਵਾਮੀ ਲੀਗ ਨੇ ਅਤਿਵਾਦ ਵਿਰੁੱਧ ਸੰਘਰਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ।”।

ਦਿੱਲੀ ਧਮਾਕਾ ਸੁਰੱਖਿਆ ਵਿੱਚ ਵੱਡੀ ਕੁਤਾਹੀ : ਸੁਪ੍ਰਿਆ

November 11, 2025 5:49 pm

ਦਿੱਲੀ ਧਮਾਕੇ ਦੀ ਜਾਂਚ ਸ਼ੁਰੂ : NIA

November 11, 2025 5:42 pm

ਐਨਆਈਏ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਦਿੱਲੀ ਧਮਾਕੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜਾਂਚ ਏਜੰਸੀ ਘਟਨਾ ਤੋਂ ਬਾਅਦ ਤੋਂ ਹੀ ਦਿੱਲੀ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਜਾਂਚ ਦੇ ਲਈ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਪਹੁੰਚੀ ਪੁਲੀਸ

November 11, 2025 5:40 pm

ਦਿੱਲੀ ਧਮਾਕੇ ਦੇ ਸਬੰਧ ਵਿੱਚ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਵਿੱਚ ਪੁਲੀਸ ਪਹੁੰਚ ਗਈ ਹੈ। ਤਲਾਸ਼ੀ ਮੁਹਿੰਮ ਦੌਰਾਨ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਫੋਰਸ ਤਾਇਨਾਤ ਹੈ। ਕੈਂਪਸ ਨੂੰ ਪੂਰੀ ਤਰ੍ਹਾਂ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ। ਕੌਮੀਂ ਜਾਂਚ ਏਜੰਸੀ (ਐਨਆਈਏ) ਦੀ ਇੱਕ ਟੀਮ ਵੀ ਪਹੁੰਚ ਗਈ ਹੈ।

ਧਮਾਕੇ ਵਾਲੀ ਥਾਂ ’ਤੇ ਪਹੁੰਚੀ ਦਿੱਲੀ ਪੁਲੀਸ ਦੀ ਟੀਮ !

November 11, 2025 5:39 pm

ਦਿੱਲੀ ਪੁਲਿਸ ਅਤੇ ਸੀਆਰਪੀਐਫ ਜਵਾਨਾਂ ਦੀ ਇੱਕ ਟੀਮ ਧਮਾਕੇ ਵਾਲੀ ਥਾਂ ’ਤੇ ਪਹੁੰਚ ਗਈ।

ਹਸਪਤਾਲ ਪੀੜਤਾਂ ਦੀਆਂ ਲਾਸ਼ਾਂ ਲੈਣ ਲਈ LNJP ਹਸਪਤਾਲ ਦੇ ਬਾਹਰ ਪਰਿਵਾਰਾਂ ਦਾ ਇਕੱਠ !

November 11, 2025 5:29 pm

ਧਮਾਕੇ ਦੌਰਾਨ ਆਪਣੇ ਅਜ਼ੀਜ਼ਾਂ ਨੂ ੰ ਗੁਆਉਣ ਵਾਲੇ ਪਰਿਵਾਰਿਕ ਮੈਂਬਰ ਆਪਣਿਆਂ ਦੀਆਂ ਲਾਸ਼ਾਂ ਲੈਣ ਲਈ ਹਸਪਤਾਲ ਦੇ ਬਾਹਰ ਇੱਕਠੇ ਹੋਏ, ਜਿਥੇ ਅਫਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਸਪਤਾਲ ਦੇ ਮੁਰਦਾਘਰ ਦੇ ਦਰਵਾਜ਼ੇ ’ਤੇ ਸਖ਼ਤ ਸੁਰੱਖਿਆ ਸੀ, ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਸੀ। ਕੁਝ ਲੋਕ ਗੁੰਮ ਹੋਏ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਲਈ ਹਸਪਤਾਲ ਦੇ ਕਰਮਚਾਰੀਆਂ ਅੱਗੇ ਤਰਲੇ ਕਰਦੇ ਵੇਖੇ ਗਏ।

ਸੁਰੱਖਿਆ ਏਜੰਸੀਆਂ ਨੂੰ ਦਿੱਲੀ ਧਮਾਕੇ ਦੇ ਹਰੇਕ ਦੋਸ਼ੀ ਨੂੰ ਲੱਭਣ ਦੇ ਨਿਰਦੇਸ਼ ਦਿੱਤੇ: ਅਮਿਤ ਸ਼ਾਹ

November 11, 2025 5:22 pm

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਦਿੱਲੀ ਧਮਾਕੇ ਦੇ ਹਰੇਕ ਦੋਸ਼ੀ ਨੂੰ ਲੱਭਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੁਲੀਸ, NSG, NIA ਅਤੇ FSL ਦੀਆਂ ਟੀਮਾਂ ਵੱਲੋਂ ਮਿਲ ਕੇ ਜਾਂਚ ਜਾਰੀ: ਰੇਖਾ ਗੁਪਤਾ

November 11, 2025 5:16 pm

ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਦੇ ਜ਼ਖ਼ਮੀਆਂ ਨੂੰ ਮਿਲਣ ਦੌਰਾਨ ਧਮਾਕੇ ਨੂੰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਦੱਸਦੇ ਹੋਏ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਪੁਲੀਸ, ਐਨਐਸਜੀ, ਐਨਆਈਏ ਅਤੇ ਐਫਐਸਐਲ ਦੀਆਂ ਟੀਮਾਂ ਮਿਲ ਕੇ ਪੂਰੀ ਜਾਂਚ ਕਰਨ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭ ਲੋਕ ਅਫਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਕਿਰਪਾ ਕਰਕੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕਰਨ। ਧਮਾਕੇ ਦੇ ਪੀੜਤਾਂ ਦਾ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦਾ ਇਲਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਉੱਥੇ ਜਾ ਕੇ ਪੀੜਤਾਂ ਦਾ ਹਾਲ ਜਾਣਿਆ ਗਿਆ। ਮੁੱਖ ਮੰਤਰੀ ਨੇ ਕਿਹਾ, “ਮੈਂ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ ਜਿਨ੍ਹਾਂ ਨੇ ਇਸ ਦੁਖਦਾਈ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ। ਪ੍ਰਭਾਵਿਤ ਲੋਕਾਂ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ।”

ਗ੍ਰਹਿ ਮੰਤਰੀ ਸ਼ਾਹ ਨੇ ਕੀਤੀ ਦੂਜੀ ਸੁਰੱਖਿਆ ਮੀਟਿੰਗ

November 11, 2025 5:01 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਦੀ ਸਥਿਤੀ ਦਾ ਦੋ ਵਾਰ ਜਾਇਜ਼ਾ ਲਿਆ। ਸ਼ਾਹ ਨੇ ਸਵੇਰੇ ਇੱਕ ਮੀਟਿੰਗ ਕੀਤੀ ਸੀ ਅਤੇ ਫਿਰ ਦੁਪਹਿਰ ਨੂੰ ਇੱਕ ਹੋਰ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਪਹਿਲੀ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਐਨ.ਆਈ.ਏ. ਦੇ ਡੀ.ਜੀ. ਸਦਾਨੰਦ ਵਸੰਤ ਡੇਟ ਸ਼ਾਮਲ ਹੋਏ। ਗ੍ਰਹਿ ਮੰਤਰਾਲੇ ਨੇ ਇਸ ਧਮਾਕੇ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੂੰ ਸੌਂਪ ਦਿੱਤੀ ਹੈ। ਇਹ ਇੱਕ ਸਾਫ਼ ਸੰਕੇਤ ਹੈ ਕਿ ਸਰਕਾਰ ਨੇ ਇਸ ਧਮਾਕੇ ਨੂੰ, ਜਿਸ ਵਿੱਚ ਹੁਣ ਤੱਕ 12 ਲੋਕਾਂ ਦੀ ਜਾਨ ਗਈ ਹੈ, ਇੱਕ ਅਤਿਵਾਦੀ ਕਾਰਵਾਈ ਮੰਨਿਆ ਹੈ, ਕਿਉਂਕਿ ਐਨ.ਆਈ.ਏ. ਨੂੰ ਸਿਰਫ਼ ਅਤਿਵਾਦ ਦੇ ਮਾਮਲਿਆਂ ਦੀ ਜਾਂਚ ਕਰਨ ਦਾ ਅਧਿਕਾਰ ਹੈ।

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵੱਲੋਂ ਸੁਰੱਖਿਆ ਦਾ ਜਾਇਜ਼ਾ

November 11, 2025 4:55 pm

ਉਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਇੱਥੇ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਸੁਰੱਖਿਆ ਸਥਿਤੀ ਅਤੇ ਕਾਰਜਕਾਰੀ ਤਿਆਰੀ ਦਾ ਜਾਇਜ਼ਾ ਲਿਆ। ਸਿਨਹਾ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, “ ਅੱਜ ਸਵੇਰੇ ਸ੍ਰੀਨਗਰ ਵਿੱਚ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।” ਇਹ ਮੀਟਿੰਗ ਦਿੱਲੀ ਵਿੱਚ ਲਾਲ ਕਿਲ੍ਹੇ ਮੈਟਰੋ ਸਟੇਸ਼ਨ ਦੇ ਬਾਹਰ ਹੋਏ ਕਾਰ ਧਮਾਕੇ ਅਤੇ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤੁਲ ਹਿੰਦ ਦੇ ਇੱਕ ਅਤਿਵਾਦੀ ਮਾਡਿਊਲ ਤੋਂ ਹਾਲ ਹੀ ਵਿੱਚ ਵਿਸਫੋਟਕਾਂ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਪਿਛੋਕੜ ਵਿੱਚ ਹੋਈ ਹੈ।

ਧਮਾਕੇ ਸੰਬੰਧੀ ਦੂਜੀ ਮੀਟਿੰਗ ਲਈ ਗ੍ਰਹਿ ਮੰਤਰਾਲੇ ਪਹੁੰਚੇ ਸ਼ਾਹ

November 11, 2025 4:47 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਕਾਰ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਬਾਰੇ ਦੂਜੀ ਮੀਟਿੰਗ ਲਈ ਕਰਤਵਯ ਭਵਨ ਵਿਖੇ ਗ੍ਰਹਿ ਮੰਤਰਾਲੇ ਪਹੁੰਚੇ।

ਬੰਬ ਧਮਾਕੇ ਤੋਂ ਬਾਅਦ Unclaimed ਵਾਹਨਾਂ ਅਤੇ ਬੈਗਾਂ ਬਾਰੇ ਮਿਲੀਆਂ ਝੂਠੀਆਂ ਕਾਲਾਂ: ਅਧਿਕਾਰੀ

November 11, 2025 4:40 pm

ਲਾਲ ਕਿਲ੍ਹੇ ਨੇੜੇ ਬੰਬ ਧਮਾਕਾ ਹੋਣ, ਜਿਸ ਵਿੱਚ 12 ਲੋਕ ਮਾਰੇ ਗਏ, ਦੇ ਕੁਝ ਘੰਟਿਆਂ ਬਾਅਦ, ਦਿੱਲੀ ਫਾਇਰ ਸਰਵਿਸਿਜ਼ (ਡੀ.ਐੱਫ.ਐੱਸ.) ਨੂੰ ਵਾਹਨਾਂ ਅਤੇ ਬੈਗਾਂ ਬਾਰੇ ਪੰਜ ਕਾਲਾਂ ਪ੍ਰਾਪਤ ਹੋਈਆਂ, ਜੋ ਬਾਅਦ ਵਿੱਚ ਸਾਰੀਆਂ ਝੂਠੇ ਅਲਾਰਮ ਸਾਬਤ ਹੋਈਆਂ। ਡੀ.ਐੱਫ.ਐੱਸ. ਅਧਿਕਾਰੀਆਂ ਅਨੁਸਾਰ, ਧਮਾਕੇ ਦੀ ਖ਼ਬਰ ਫੈਲਣ ਤੋਂ ਤੁਰੰਤ ਬਾਅਦ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲੀ ਕਾਲ ਰਾਤ 9.15 ਵਜੇ ਬਿਜਵਾਸਨ ਤੋਂ ਪ੍ਰਾਪਤ ਹੋਈ, ਜਿਸ ਵਿੱਚ ਇੱਕ ਅਣ-ਦਾਅਵੇਦਾਰ ( unclaimed) ਬੈਗ ਦੀ ਸੂਚਨਾ ਦਿੱਤੀ ਗਈ। ਅਸੀਂ ਤੁਰੰਤ ਮੌਕੇ ’ਤੇ ਫਾਇਰ ਵਾਹਨ ਭੇਜਿਆ, ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।”

Delhi Blast: ਕਾਰ ਨਾਲ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ

November 11, 2025 4:25 pm

ਲਾਲ ਕਿਲ੍ਹੇ ਨੇੜੇ ਧਮਾਕੇ ਵਿੱਚ ਵਰਤੀ ਗਈ ਕਾਰ ਦੇ ਪਹਿਲੇ ਮਾਲਕ ਦੇ 2016 ਤੋਂ 2020 ਤੱਕ ਕਿਰਾਏਦਾਰ ਹੋਣ ਕਾਰਨ, ਗੁਰੂਗ੍ਰਾਮ ਦੇ ਇੱਕ ਵਿਅਕਤੀ ਨੂੰ ਪੁਲੀਸ ਪੁੱਛਗਿੱਛ ਲਈ ਲੈ ਗਈ ਹੈ। ਮਕਾਨ ਮਾਲਕ ਦੇ ਪਰਿਵਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਦੀ ਸਾਂਝੀ ਟੀਮ ਨੇ ਸੋਮਵਾਰ ਸ਼ਾਮ ਨੂੰ ਹਰਿਆਣਾ-ਰਜਿਸਟਰਡ ਕਾਰ ਦੇ ਪਹਿਲੇ ਮਾਲਕ, ਮੁਹੰਮਦ ਸਲਮਾਨ ਨੂੰ ਗੁਰੂਗ੍ਰਾਮ ਤੋਂ ਹਿਰਾਸਤ ਵਿੱਚ ਲਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਸਲਮਾਨ ਨੇ ਆਪਣੀ ਕਾਰ ਡੇਢ ਸਾਲ ਪਹਿਲਾਂ ਦਿੱਲੀ ਦੇ ਓਖਲਾ ਵਿੱਚ ਰਹਿਣ ਵਾਲੇ ਦੇਵੇਂਦਰ ਨਾਮ ਦੇ ਵਿਅਕਤੀ ਨੂੰ ਵੇਚ ਦਿੱਤੀ ਸੀ। ਬਾਅਦ ਵਿੱਚ, ਇਹ ਵਾਹਨ ਅੰਬਾਲਾ ਦੇ ਇੱਕ ਹੋਰ ਵਿਅਕਤੀ ਨੂੰ ਵੇਚਿਆ ਗਿਆ ਅਤੇ ਫਿਰ ਪੁਲਵਾਮਾ ਦੇ ਤਾਰਿਕ ਨਾਮ ਦੇ ਇੱਕ ਵਿਅਕਤੀ ਨੂੰ ਅੱਗੇ ਵੇਚ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਸੀ ਕਿ ਪੁਲਿਸ ਕਾਰ ਦੇ ਅੱਗੇ ਦੇ ਮਾਲਕਾਂ ਦਾ ਪਤਾ ਲਗਾ ਰਹੀ ਹੈ। ਇਸ ਦੌਰਾਨ ਦਿਨੇਸ਼ ਦੇ ਪਰਿਵਾਰ ਨੇ, ਜੋ 2016 ਤੋਂ 2020 ਤੱਕ ਸਲਮਾਨ ਦਾ ਮਕਾਨ ਮਾਲਕ ਸੀ, ਗੁਰੂਗ੍ਰਾਮ ਸਥਿਤ ਆਪਣੇ ਘਰ ਵਿੱਚ ਮੀਡੀਆ ਨਾਲ ਗੱਲ ਕੀਤੀ। ਦਿਨੇਸ਼ ਦੀ ਮਾਂ ਵੀਰਵਤੀ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਪੁਲੀਸ ਪੁੱਛਗਿੱਛ ਲਈ ਲੈ ਗਈ ਹੈ। ਉਸ ਨੇ ਦੱਸਿਆ ਕਿ ਸਲਮਾਨ 2020 ਤੱਕ ਚਾਰ ਸਾਲ ਉਨ੍ਹਾਂ ਦੇ ਸ਼ਾਂਤੀ ਨਗਰ ਸਥਿਤ ਘਰ ਵਿੱਚ ਰਿਹਾ, ਜਿਸ ਤੋਂ ਬਾਅਦ ਉਹ ਗੁਰੂਗ੍ਰਾਮ ਵਿੱਚ ਆਪਣੇ ਫਲੈਟ ਵਿੱਚ ਚਲਾ ਗਿਆ। ਉਨ੍ਹਾਂ ਨੇ ਕਿਹਾ, "ਕੱਲ੍ਹ ਸ਼ਾਮ ਕੁਝ ਕਰਮਚਾਰੀ ਆਏ ਅਤੇ ਮੇਰੇ ਬੇਟੇ ਨੂੰ ਲੈ ਗਏ। ਅਸੀਂ ਆਪਣਾ ਘਰ 2015 ਵਿੱਚ ਬਣਾਇਆ ਸੀ ਅਤੇ ਸਲਮਾਨ 2016 ਵਿੱਚ ਕਿਰਾਏਦਾਰ ਵਜੋਂ ਆਇਆ ਸੀ। ਉਹ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਸੀ ਅਤੇ 2020 ਵਿੱਚ ਚਲਾ ਗਿਆ ਜਦੋਂ ਉਹ ਗੁਰੂਗ੍ਰਾਮ ਵਿੱਚ ਆਪਣੇ ਫਲੈਟ ਵਿੱਚ ਸ਼ਿਫਟ ਹੋ ਗਿਆ।" ਉਨ੍ਹਾਂ ਦੱਸਿਆ ਕਿ ਹੁਣ ਉਸ ਘਰ ਵਿੱਚ ਨਵੇਂ ਕਿਰਾਏਦਾਰ ਰਹਿੰਦੇ ਹਨ। ਦਿਨੇਸ਼ ਦੇ ਭਰਾ, ਮਹੇਸ਼ ਨੇ ਕਿਹਾ ਕਿ 2020 ਵਿੱਚ ਸਲਮਾਨ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਸੀ। ਉਸ ਨੇ ਕਿਹਾ, "ਕੱਲ੍ਹ ਸਾਡੇ ਘਰ ਕੁਝ ਕਰਮਚਾਰੀ ਆਏ ਅਤੇ ਮੇਰੇ ਭਰਾ ਨੂੰ ਲੈ ਗਏ। ਸਾਨੂੰ ਦੱਸਿਆ ਗਿਆ ਕਿ ਉਸਨੂੰ ਪੁੱਛਗਿੱਛ ਲਈ ਲਿਜਾਇਆ ਜਾ ਰਿਹਾ ਹੈ।" ਮਹੇਸ਼ ਨੇ ਦੱਸਿਆ ਕਿ ਸਲਮਾਨ ਆਪਣੀ ਪਤਨੀ, ਦੋ ਬੱਚਿਆਂ ਅਤੇ ਮਾਂ ਦੇ ਨਾਲ ਕਿਰਾਏ 'ਤੇ ਰਹਿੰਦਾ ਸੀ। ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਸਲਮਾਨ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।

ਰਾਸ਼ਟਰਪਤੀ ਮੁਰਮੂ ਨੇ ਸ਼ਾਹ ਤੋਂ ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ

November 11, 2025 4:00 pm

ਅੰਗੋਲਾ ਵਿੱਚ ਮੌਜੂਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ 'ਤੇ ਗੱਲ ਕੀਤੀ ਅਤੇ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਬਾਰੇ ਜਾਣਕਾਰੀ ਲਈ। ਰਾਸ਼ਟਰਪਤੀ ਇਸ ਸਮੇਂ ਅੰਗੋਲਾ ਅਤੇ ਬੋਤਸਵਾਨਾ ਦੀ ਸਰਕਾਰੀ ਯਾਤਰਾ 'ਤੇ ਹਨ। ਸੂਤਰਾਂ ਨੇ ਦੱਸਿਆ ਕਿ ਅੰਗੋਲਾ ਵਿੱਚ ਮੌਜੂਦ ਮੁਰਮੂ ਨੇ ਸ਼ਾਹ ਨਾਲ ਫੋਨ 'ਤੇ ਗੱਲ ਕੀਤੀ ਅਤੇ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਬਾਰੇ ਜਾਣਕਾਰੀ ਲਈ। ਰਾਸ਼ਟਰਪਤੀ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਨਜ਼ਦੀਕੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

Delhi blast: 12 ਮ੍ਰਿਤਕਾਂ ਵਿੱਚੋਂ 3 ਦੀ ਪਛਾਣ ਹੋਈ

November 11, 2025 3:56 pm

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ 18 ਸਾਲਾ ਨੌਮਾਨ ਅੰਸਾਰੀ ਆਪਣੀ ਦੁਕਾਨ ਲਈ ਕਾਸਮੈਟਿਕਸ ਖਰੀਦਣ ਦਿੱਲੀ ਆਇਆ ਸੀ। ਪਰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਜਬਰਦਸਤ ਧਮਾਕੇ ਨੇ ਉਸ ਦੀ ਜਾਨ ਲੈ ਲਈ।ਸ਼ਾਮਲੀ ਦੇ ਝਿੰਝਾਣਾ ਕਸਬੇ ਦਾ ਰਹਿਣ ਵਾਲਾ ਅੰਸਾਰੀ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ। ਮਾਰੇ ਗਏ ਲੋਕਾਂ ਵਿੱਚੋਂ ਇੱਕ ਡੀ.ਟੀ.ਸੀ. ਕੰਡਕਟਰ ਅਸ਼ੋਕ ਕੁਮਾਰ (34) ਵੀ ਸ਼ਾਮਲ ਹੈ, ਜੋ ਅਮਰੋਹਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇੱਕ ਹੋਰ ਮ੍ਰਿਤਕ ਦੀ ਪਛਾਣ 22 ਸਾਲਾ ਪੰਕਜ ਸਾਹਨੀ ਵਜੋਂ ਹੋਈ ਹੈ, ਜੋ ਟੈਕਸੀ ਚਲਾਉਂਦਾ ਸੀ। ਉਸ ਦੇ ਰਿਸ਼ਤੇਦਾਰ ਰਾਮਦੇਵ ਸਾਹਨੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਹੋਏ ਧਮਾਕੇ ਵਿੱਚ ਉਸ ਦੇ ਭਤੀਜੇ ਦੀ ਮੌਤ ਬਾਰੇ ਦਿੱਲੀ ਦੇ ਕੋਤਵਾਲੀ ਥਾਣੇ ਤੋਂ ਇੱਕ ਫੋਨ ਕਾਲ ਪ੍ਰਾਪਤ ਹੋਈ।

ਦਿੱਲੀ ਧਮਾਕੇ ਤੋਂ ਬਾਅਦ ਫਰੀਦਾਬਾਦ ਦੇ ਡਾਕਟਰਾਂ 'ਤੇ ਸ਼ੱਕ ਦੀ ਸੂਈ

November 11, 2025 3:23 pm

ਫਰੀਦਾਬਾਦ ਵਿੱਚੋਂ ਜੈਸ਼-ਏ-ਮੁਹੰਮਦ ਨਾਲ ਜੁੜੇ 2,900 ਕਿਲੋਗ੍ਰਾਮ ਵਿਸਫੋਟਕ ਮਿਲਣ ਤੋਂ ਬਾਅਦ ਤਿੰਨ ਡਾਕਟਰਾਂ, ਜਿਨ੍ਹਾਂ ਵਿੱਚ ਡਾ: ਮੁਜ਼ਮਿਲ ਗਨਾਈ, ਅਦੀਲ ਅਹਿਮਦ ਰਾਥਰ ਅਤੇ ਸ਼ਾਹੀਨ ਸਈਦ ਸ਼ਾਮਲ ਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰੀਦਾਬਾਦ ਵਿੱਚ 2,900 ਕਿਲੋਗ੍ਰਾਮ ਵਿਸਫੋਟਕ ਅਤੇ ਜਲਣਸ਼ੀਲ ਸਮੱਗਰੀ ਬਰਾਮਦ ਹੋਣ ਤੋਂ ਬਾਅਦ ਜਾਂਚ ਦੇ ਸਬੰਧ ਵਿੱਚ ਜੰਮੂ ਅਤੇ ਕਸ਼ਮੀਰ ਦੇ ਦੋ ਡਾਕਟਰਾਂ ਸਮੇਤ ਤਿੰਨ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਧਮਾਕੇ ਤੋਂ ਬਾਅਦ ਫਰੀਦਾਬਾਦ ਦੇ ਡਾਕਟਰਾਂ 'ਤੇ ਸ਼ੱਕ ਦੀ ਸੂਈ ਟਿਕ ਗਈ ਹੈ। ਚੋਟੀ ਦੇ ਖੁਫੀਆ ਸੂਤਰਾਂ ਅਨੁਸਾਰ ਸ਼ਾਹੀਨ ਡਾ. ਉਮਰ ਮੁਹੰਮਦ ਨਾਲ ਜੁੜੀ ਹੋਈ ਸੀ, ਜਿਸ 'ਤੇ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਵਿੱਚ ਆਤਮਘਾਤੀ ਹਮਲਾਵਰ ਹੋਣ ਦਾ ਸ਼ੱਕ ਹੈ। ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇੱਕ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋਣ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਨੂੰ ਕਸ਼ਮੀਰੀ ਡਾਕਟਰ ਮੁਜ਼ਮਿਲ ਗਨਾਈ ਦੇ ਕਿਰਾਏ ਦੇ ਘਰ ਤੋਂ ਵਿਸਫੋਟਕ ਬਰਾਮਦ ਕੀਤੇ ਗਏ ਸਨ। ਲਾਲ ਕਿਲ੍ਹੇ ਦੇ ਕਾਰ ਧਮਾਕੇ ਦੀ ਮੁੱਢਲੀ ਜਾਂਚ ਵਿੱਚ ਫਰੀਦਾਬਾਦ ਵਿੱਚ ਸਾਹਮਣੇ ਆਏ ਕਥਿਤ ਅੱਤਵਾਦੀ ਮਾਡਿਊਲ ਨਾਲ ਸੰਭਾਵਿਤ ਸਬੰਧਾਂ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ, ਹਾਲਾਂਕਿ ਜਾਂਚ ਏਜੰਸੀਆਂ ਦੁਆਰਾ ਅਜੇ ਤੱਕ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਾ: ਮੁਜ਼ੱਮਿਲ ਅਤੇ ਦੋ ਸਾਥੀ ਡਾਕਟਰਾਂ ਅਦੀਲ ਅਹਿਮਦ ਰਾਥਰ ਅਤੇ ਸ਼ਾਹੀਨ ਸਈਦ ਸਮੇਤ ਅੱਠ ਲੋਕਾਂ ਨੂੰ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਦਾ ਹਿੱਸਾ ਹੋਣ ਦੇ ਕਥਿਤ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦੀਲ ਅਹਿਮਦ ਰਾਥਰ ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਫਰੀਦਾਬਾਦ ਦੇ ਅਲ-ਫਲਾਹ ਸਕੂਲ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ ਵਿੱਚ ਅਧਿਆਪਕ ਸੀ। ਉਸਨੂੰ ਸ਼੍ਰੀਨਗਰ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਮਰਥਨ ਵਿੱਚ ਪੋਸਟਰ ਲਗਾਉਣ ਦੇ ਦੋਸ਼ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਡਾ: ਮੁਜ਼ੱਮਿਲ ਅਲ-ਫਲਾਹ ਸਕੂਲ ਵਿੱਚ ਨੌਕਰੀ ਕਰਦੇ ਸਨ। ਪੁਲੀਸ ਨੇ ਫਰੀਦਾਬਾਦ ਵਿੱਚ ਉਸਦੇ ਘਰ ਤੋਂ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਅਤੇ 2,500 ਕਿਲੋਗ੍ਰਾਮ ਵਿਸਫੋਟਕ ਬਣਾਉਣ ਵਾਲੇ ਰਸਾਇਣ ਬਰਾਮਦ ਕੀਤੇ। ਲਖਨਊ ਦੇ ਰਹਿਣ ਵਾਲੇ ਡਾ: ਸ਼ਾਹੀਨ ਸਈਦ ਵੀ ਅਲ-ਫਲਾਹ ਸਕੂਲ ਵਿੱਚ ਕੰਮ ਕਰ ਰਹੇ ਸਨ। ਪੁਲੀਸ ਨੇ ਦੱਸਿਆ ਕਿ ਉਸਦੀ ਕਾਰ ਵਿੱਚੋਂ ਇੱਕ ਕ੍ਰਿੰਕੋਵ ਅਸਾਲਟ ਰਾਈਫਲ ਮਿਲੀ ਹੈ, ਜਿਸਦੀ ਵਰਤੋਂ ਕਥਿਤ ਤੌਰ 'ਤੇ ਡਾ. ਮੁਜ਼ਮਿਲ ਕਰ ਰਿਹਾ ਸੀ।

ਦਿੱਲੀ ਧਮਾਕਾ: ਕਾਰ ਚਲਾਉਣ ਵਾਲੇ ਵਿਅਕਤੀ ਦੀ ਮਾਂ ਨੂੰ ਡੀ.ਐੱਨ.ਏ. ਟੈਸਟ ਲਈ ਲਿਆਂਦਾ

November 11, 2025 3:14 pm

ਪੁਲਿਸ ਨੇ ਮੰਗਲਵਾਰ ਨੂੰ ਉਸ ਵਿਅਕਤੀ ਦੀ ਮਾਂ ਨੂੰ ਡੀ.ਐੱਨ.ਏ. ਟੈਸਟ ਲਈ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਲਿਆਂਦਾ, ਜਿਸ 'ਤੇ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾਉਣ ਦਾ ਸ਼ੱਕ ਹੈ। ਇੱਕ ਅਧਿਕਾਰੀ ਨੇ ਇੱਥੇ ਦੱਸਿਆ, ‘‘ਅਸੀਂ ਸ਼ੱਕੀ ਦੀ ਮਾਂ ਦੇ ਡੀ.ਐੱਨ.ਏ. ਨਮੂਨੇ ਲੈਣ ਲਈ ਉਨ੍ਹਾਂ ਨੂੰ ਲਿਆਏ ਹਾਂ, ਤਾਂ ਜੋ ਧਮਾਕੇ ਵਾਲੀ ਥਾਂ ਤੋਂ ਮਿਲੇ ਟੁਕੜਿਆਂ ਨਾਲ ਮੇਲ ਕੀਤਾ ਜਾ ਸਕੇ।" ਉਨ੍ਹਾਂ ਦੱਸਿਆ ਕਿ ਡਾ. ਉਮਰ ਨਬੀ ਕਥਿਤ ਤੌਰ ’ਤੇ ਹੁੰਡਈ ਆਈ-20 (Hyundai i20) ਕਾਰ ਚਲਾ ਰਿਹਾ ਸੀ, ਜਿਸ ਦੀ ਵਰਤੋਂ ਸੋਮਵਾਰ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਨੇੜੇ ਹੋਏ ਧਮਾਕੇ ਵਿੱਚ ਕੀਤੀ ਗਈ ਸੀ। ਉਹ ਪੁਲਵਾਮਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਹੈ। ਸ਼ੱਕੀ ਦੇ ਦੋ ਭਰਾ ਆਪਣੀ ਮਾਂ, ਸ਼ਮੀਮਾ ਬੇਗਮ, ਦੇ ਨਾਲ ਟੈਸਟ ਲਈ ਹਸਪਤਾਲ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ — ਜੋ ਧਮਾਕੇ ਵਿੱਚ ਸ਼ਾਮਲ ਕਾਰ ਦੀ ਖਰੀਦ ਅਤੇ ਵਿਕਰੀ ਨਾਲ ਜੁੜੇ ਹੋਏ ਸਨ — ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਮਰ ਨਬੀ ਦੀ ਭਰਜਾਈ, ਮੁਜ਼ੱਮਲ, ਨੇ ਕਿਹਾ ਕਿ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸਦਾ ਦਿਓਰ ਬਚਪਨ ਤੋਂ ਹੀ ਸ਼ਰਮੀਲੇ ਸੁਭਾਅ ਦਾ ਸੀ, ਉਸ ਦੇ ਜ਼ਿਆਦਾ ਦੋਸਤ ਨਹੀਂ ਸਨ ਅਤੇ ਉਹ ਆਪਣੀ ਪੜ੍ਹਾਈ ਅਤੇ ਕੰਮ 'ਤੇ ਧਿਆਨ ਦਿੰਦਾ ਸੀ। ਮੁਜ਼ੱਮਲ ਨੇ ਕਿਹਾ, "ਉਹ ਫਰੀਦਾਬਾਦ ਦੇ ਇੱਕ ਕਾਲਜ ਵਿੱਚ ਫੈਕਲਟੀ ਵਜੋਂ ਕੰਮ ਕਰ ਰਿਹਾ ਸੀ। ਉਸ ਨੇ ਸ਼ੁੱਕਰਵਾਰ ਨੂੰ ਫੋਨ ਕੀਤਾ ਕਿ ਉਹ ਇਮਤਿਹਾਨਾਂ ਵਿੱਚ ਰੁੱਝਿਆ ਹੋਇਆ ਹੈ ਅਤੇ ਤਿੰਨ ਦਿਨਾਂ ਬਾਅਦ ਘਰ ਵਾਪਸ ਆ ਜਾਵੇਗਾ। ਉਹ ਬਚਪਨ ਤੋਂ ਹੀ ਰਿਜ਼ਰਵ ਕਿਸਮ ਦਾ ਵਿਅਕਤੀ ਸੀ।" ਉਸਨੇ ਜ਼ੋਰ ਦੇ ਕੇ ਕਿਹਾ ਕਿ ਉਮਰ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲਾ ਵਿਅਕਤੀ ਨਹੀਂ ਸੀ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਬਹੁਤ ਸੰਘਰਸ਼ ਕੀਤਾ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣਾ ਅਤੇ ਪਰਿਵਾਰ ਦਾ ਖਿਆਲ ਰੱਖ ਸਕੇ। ਇਹ ਅਵਿਸ਼ਵਾਸਯੋਗ ਹੈ।’’ ਮੁਜ਼ੱਮਲ ਨੇ ਦੱਸਿਆ ਕਿ ਉਮਰ ਆਖਰੀ ਵਾਰ ਦੋ ਮਹੀਨੇ ਪਹਿਲਾਂ ਕਸ਼ਮੀਰ ਆਇਆ ਸੀ।

ਅਮਿਤ ਸ਼ਾਹ ਨੇ 3 ਵਜੇ ਇੱਕ ਹੋਰ ਮੀਟਿੰਗ ਸੱਦੀ

November 11, 2025 3:01 pm

ਸੂਤਰਾਂ ਅਨੁਸਾਰ ਦਿੱਲੀ ਧਮਾਕੇ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 3 ਵਜੇ ਇੱਕ ਹੋਰ ਸੁਰੱਖਿਆ ਸਮੀਖਿਆ ਮੀਟਿੰਗ ਸੱਦੀ ਹੈ।

ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਭਲਕੇ, ਪ੍ਰਧਾਨ ਮੰਤਰੀ ਮੋਦੀ ਕਰਨਗੇ ਮੀਟਿੰਗ ਦੀ ਪ੍ਰਧਾਨਗੀ

November 11, 2025 1:41 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਦਿੱਲੀ ਧਮਾਕੇ ਦੀ ਜਾਂਚ ਦੇ ਹਵਾਲੇ ਨਾਲ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੇਰੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਰਿਪੋਰਟ ਸੀਸੀਐਸ ਨੂੰ ਪੇਸ਼ ਕਰਨਗੇ ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਹਨ।

ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਵੱਲੋਂ ਧਮਾਕੇ ਦੇ ਜ਼ਖ਼ਮੀਆਂ ਨਾਲ ਮੁਲਾਕਾਤ

November 11, 2025 1:38 pm

ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦਿੱਲੀ ਵਿਚ ਧਮਾਕੇ ਦੀ ਦੁਖਦਾਈ ਘਟਨਾ ਤੋਂ ਬਾਅਦ ਗੁਜਰਾਤ ਦੇ ਕੇਵੜੀਆ ਦਾ ਆਪਣਾ ਸਰਕਾਰੀ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਰਤ ਆਏ ਹਨ। ਦਿੱਲੀ ਪਹੁੰਚਣ ਤੋਂ ਬਾਅਦ, ਉਪ ਰਾਜਪਾਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਲੋਕ ਨਾਇਕ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਦਾਖਲ ਪੀੜਤਾਂ ਨਾਲ ਮੁਲਾਕਾਤ ਕੀਤੀ। ਸਕਸੈਨਾ ਨੇ ਨਿੱਜੀ ਤੌਰ 'ਤੇ ਉਨ੍ਹਾਂ ਦੀ ਹਾਲਤ ਬਾਰੇ ਪੁੱਛਿਆ ਅਤੇ ਹਸਪਤਾਲ ਅਧਿਕਾਰੀਆਂ ਨੂੰ ਸਾਰੇ ਜ਼ਖਮੀਆਂ ਲਈ ਸਭ ਤੋਂ ਵਧੀਆ ਸੰਭਵ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਦੇਸ਼ ਨੂੰ ਯਕੀਨ ਦਿਵਾਉਂਦੇ ਹਾਂ ਕਿ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਖੜਾਵਾਂਗੇ: ਰਾਜਨਾਥ

November 11, 2025 12:58 pm

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਨੂੰ 'ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ' ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਜਨਾਥ ਰੱਖਿਆ ਮੰਤਰਾਲੇ ਵੱਲੋਂ ਥਿੰਕ-ਟੈਂਕ ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਅਨੈਲੇਸਿਸ (MP-IDSA) ਵੱਲੋਂ ਕਰਵਾੲੇ 'ਦਿੱਲੀ ਡਾਇਲਾਗ' ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਸਿੰਘ ਨੇ ਆਪਣੀ ਤਕਰੀਰ ਦੀ ਸ਼ੁਰੂਆਤ ਵਿਚ ਕਿਹਾ, ‘‘ਮੈਂ ਦੇਸ਼ ਨੂੰ ਦ੍ਰਿੜਤਾ ਨਾਲ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।’’ ਦੇਸ਼ ਦੀਆਂ ਪ੍ਰਮੁੱਖ ਜਾਂਚ ਏਜੰਸੀਆਂ ਇਸ ਘਟਨਾ ਦੀ ਤੇਜ਼ੀ ਨਾਲ ਅਤੇ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਜਾਂਚ ਦੇ ਨਤੀਜੇ ਜਲਦੀ ਹੀ ਜਨਤਕ ਕੀਤੇ ਜਾਣਗੇ। ਮੰਤਰੀ ਨੇ ਸੋਮਵਾਰ ਸ਼ਾਮ ਨੂੰ ਨਵੀਂ ਦਿੱਲੀ ਵਿੱਚ ਵਾਪਰੇ ਦੁਖਦਾਈ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਪ੍ਰਤੀ ਦਿਲੋਂ ਸੰਵੇਦਨਾ ਵੀ ਪ੍ਰਗਟ ਕੀਤੀ।

ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਨਹੀਂ ਬਖ਼ਸ਼ਾਂਗੇ: ਮੋਦੀ

November 11, 2025 12:15 pm

ਭੂਟਾਨ ਦੇ ਦੌਰੇ ’ਤੇ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਿੰਫੂ ਵਿਚ ਇਕ ਸਮਾਗਮ ਦੌਰਾਨ ਬੋਲਦਿਆਂ ਕਿਹਾ, ‘‘ਦਿੱਲੀ ਵਿਚ ਸੋਮਵਾਰ ਨੂੰ ਹੋਏ ਕਾਰ ਧਮਾਕੇ ਪਿਛਲੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।" ਸ੍ਰੀ ਮੋਦੀ ਨੇ ਕਿਹਾ, ‘‘ਅੱਜ, ਮੈਂ ਇੱਥੇ ਬਹੁਤ ਭਾਰੀ ਦਿਲ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਹੈ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੈਂ ਕੱਲ੍ਹ ਰਾਤ ਇਸ ਘਟਨਾ ਦੀ ਜਾਂਚ ਕਰ ਰਹੀਆਂ ਸਾਰੀਆਂ ਏਜੰਸੀਆਂ ਦੇ ਸੰਪਰਕ ਵਿੱਚ ਸੀ। ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ। ਇਸ ਦੇ ਪਿੱਛੇ ਸਾਜ਼ਿਸ਼ਕਰਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।"

This Live Blog has Ended
Advertisement
Show comments