ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਭਾਰਤ ਨੇ ਉਰੂਗਵੇ ਨੂੰ ਹਰਾਇਆ
ਗੋਲਕੀਪਰ ਨਿਧੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਜੂਨੀਅਰ ਹਾਕੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਉਰੂਗਵੇ ਨੂੰ 3-1 ਨਾਲ ਹਰਾ ਕੇ ਨੌਵੇਂ ਸਥਾਨ ’ਤੇ ਰਹਿਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ।
ਨੌਵੇਂ ਤੋਂ 12ਵੇਂ ਸਥਾਨ ਲਈ ਖੇਡੇ ਗਏ ਇਸ ਵਰਗੀਕਰਨ (Classification) ਮੈਚ ਵਿੱਚ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ।
ਭਾਰਤ ਲਈ ਮਨੀਸ਼ਾ ਨੇ 19ਵੇਂ ਮਿੰਟ ਵਿੱਚ ਗੋਲ ਕੀਤਾ, ਜਦੋਂ ਕਿ ਉਰੂਗਵੇ ਲਈ ਜਸਟੀਨਾ ਅਰੇਗੁਈ ਨੇ 60ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ ਸ਼ੂਟਆਊਟ ਵਿੱਚ ਪਹੁੰਚਾ ਦਿੱਤਾ।
ਪੈਨਲਟੀ ਸ਼ੂਟਆਊਟ ਵਿੱਚ ਭਾਰਤ ਵੱਲੋਂ ਪੂਰਨਿਮਾ ਯਾਦਵ, ਇਸ਼ਿਕਾ ਅਤੇ ਕਨਿਕਾ ਸਿਵਾਚ ਨੇ ਗੋਲ ਕੀਤੇ, ਜਦੋਂ ਕਿ ਗੋਲਕੀਪਰ ਨਿਧੀ ਨੇ ਉਰੂਗਵੇ ਦੇ ਤਿੰਨ ਗੋਲਾਂ ਦਾ ਬਚਾਅ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ।
ਉਰੂਗਵੇ ਦੀ ਟੀਮ ਨੇ ਮੈਚ ਖ਼ਤਮ ਹੋਣ ਤੋਂ ਸਿਰਫ਼ ਦੋ ਸਕਿੰਟ ਪਹਿਲਾਂ ਪੈਨਲਟੀ ਹਾਸਲ ਕੀਤੀ ਅਤੇ ਜਸਟੀਨਾ ਅਰੇਗੁਈ ਨੇ ਇਸਨੂੰ ਗੋਲ ਵਿੱਚ ਬਦਲ ਕੇ ਮੈਚ ਡਰਾਅ ਕਰਵਾ ਦਿੱਤਾ ਸੀ। ਹੁਣ ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਨੌਵੇਂ ਸਥਾਨ ਲਈ ਸਪੇਨ ਨਾਲ ਹੋਵੇਗਾ।
