ਜ਼ੇਲੈਂਸਕੀ ਜੰਗ ਰੋਕਣ ਲਈ ਗੰਭੀਰ ਨਹੀਂ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਰੂਸ ਨਾਲ ਜੰਗ ਖ਼ਤਮ ਕਰਨ ਲਈ ਗੰਭੀਰ ਨਹੀਂ ਹਨ ਕਿਉਂਕਿ ਉਨ੍ਹਾਂ ਹਾਲੇ ਤੱਕ ਸ਼ਾਂਤੀ ਯੋਜਨਾ ’ਤੇ ਦਸਤਖ਼ਤ ਨਹੀਂ ਕੀਤੇ ਹਨ। ਰੂਸ ਅਤੇ ਯੂਕਰੇਨ ਦਰਮਿਆਨ ਮੱਤਭੇਦ ਘਟਾਉਣ ਦੇ ਇਰਾਦੇ ਨਾਲ ਅਮਰੀਕੀ ਅਤੇ ਯੂਕਰੇਨੀ ਵਾਰਤਾਕਾਰਾਂ ਵਿਚਾਲੇ ਸ਼ਨਿਚਰਵਾਰ ਨੂੰ ਤਿੰਨ ਦਿਨਾ ਗੱਲਬਾਤ ਮੁਕੰਮਲ ਹੋ ਗਈ। ਟਰੰਪ ਨੇ ਜ਼ੇਲੈਂਸਕੀ ਦੀ ਆਲੋਚਨਾ ਉਸ ਸਮੇਂ ਕੀਤੀ ਹੈ ਜਦੋਂ ਐਤਵਾਰ ਨੂੰ ਰੂਸ ਨੇ ਟਰੰਪ ਪ੍ਰਸ਼ਾਸਨ ਦੀ ਨਵੀਂ ਕੌਮੀ ਸੁਰੱਖਿਆ ਰਣਨੀਤੀ ਦਾ ਸਵਾਗਤ ਕੀਤਾ ਹੈ। ਉਧਰ, ਰੂਸ ਯੂਕਰੇਨੀ ਊਰਜਾ ਟਿਕਾਣਿਆਂ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਜਿਸ ’ਚ ਚਾਰ ਜਣੇ ਮਾਰੇ ਗਏ।
ਟਰੰਪ ਨੇ ਐਤਵਾਰ ਨੂੰ ਕਿਹਾ, “ਮੈਨੂੰ ਥੋੜ੍ਹੀ ਨਿਰਾਸ਼ਾ ਹੈ ਕਿ ਰਾਸ਼ਟਰਪਤੀ ਜ਼ੇਲੈਂਸਕੀ ਨੇ ਹਾਲੇ ਤੱਕ ਸ਼ਾਂਤੀ ਖਰੜਾ ਪੜ੍ਹਿਆ ਨਹੀਂ ਹੈ। ਜਾਪਦਾ ਹੈ ਕਿ ਰੂਸ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਪਰ ਇਹ ਪੱਕਾ ਨਹੀਂ ਕਿ ਜ਼ੇਲੈਂਸਕੀ ਨੂੰ ਇਹ ਠੀਕ ਲੱਗੇ। ਜ਼ੇਲੈਂਸਕੀ ਦੀ ਟੀਮ ਨੂੰ ਇਹ ਯੋਜਨਾ ਪਸੰਦ ਹੈ ਪਰ ਉਹ ਖੁਦ ਇਸ ਨੂੰ ਪੜ੍ਹਨ ਲਈ ਤਿਆਰ ਨਹੀਂ।” ਉਂਜ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਅਮਰੀਕਾ ਦੀ ਯੋਜਨਾ ਨੂੰ ਜਨਤਕ ਤੌਰ ’ਤੇ ਮਨਜ਼ੂਰੀ ਨਹੀਂ ਦਿੱਤੀ ਹੈ।
ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਲੇ ਵਫ਼ਦ ਤੋਂ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, “ਯੂਕਰੇਨ ਸ਼ਾਂਤੀ ਲਈ ਅਮਰੀਕਾ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਜਾਰੀ ਰੱਖਣ ਲਈ ਵਚਨਬੱਧ ਹੈ।” ਇਸੇ ਦੌਰਾਨ ਰੂਸ ਵੱਲੋਂ ਯੂਕਰੇਨ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਲਗਾਤਾਰ ਜਾਰੀ ਹਨ।
ਜ਼ੇਲੈਂਸਕੀ ਵੱਲੋਂ ਮੈਕਰੋਂ, ਮਰਜ਼ ਤੇ ਸਟਾਰਮਰ ਨਾਲ ਮੁਲਾਕਾਤ
ਲੰਡਨ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਇਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਅਮਰੀਕਾ ਵੱਲੋਂ ਰੂਸ ਨਾਲ ਜੰਗ ਰੋਕਣ ਲਈ ਪੇਸ਼ ਸ਼ਾਂਤੀ ਯੋਜਨਾ ਬਾਰੇ ਵੀ ਚਰਚਾ ਕੀਤੀ। ਯੂਰੋਪੀ ਆਗੂਆਂ ਨੇ ਯੂਕਰੇਨ ਨੂੰ ਜੰਗ ਲਈ ਹਥਿਆਰ ਅਤੇ ਫੰਡ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। -ਏਪੀ
