ਯਮਨ ਦੀ ਭਾਰਤ ਨਾਲ ਗੂੜ੍ਹੀ ਦੋਸਤੀ: ਅਲ-ਅਲੀਮੀ
ਯਮਨ ਦੇ ਸਿਖਰਲੇ ਆਗੂ ਰਸ਼ਦ ਅਲ-ਅਲੀਮੀ ਨੇ ਭਾਰਤੀ ਰਾਜਦੂਤ ਸੁਹੇਲ ਖਾਨ ਨਾਲ ਮੁਲਾਕਾਤ ਦੌਰਾਨ ਭਾਰਤ ਨਾਲ ਆਪਣੇ ਦੇਸ਼ ਦੇ ‘ਸਹਿਯੋਗੀ’ ਦੁਵੱਲੇ ਸਬੰਧਾਂ ਅਤੇ ਭਾਰਤ ਨਾਲ ‘ਗੂੜ੍ਹੀ ਦੋਸਤੀ’ ਦੀ ਸ਼ਲਾਘਾ ਕੀਤੀ। ਯਮਨ ਦੀ ਰਾਸ਼ਟਰਪਤੀ ਲੀਡਰਸ਼ਿਪ ਕੌਂਸਲ ਦੇ ਮੁਖੀ ਅਲ-ਅਲੀਮੀ ਨੇ ਐਤਵਾਰ ਨੂੰ ਰਿਆਧ ਵਿੱਚ ਭਾਰਤੀ ਰਾਜਦੂਤ ਖਾਨ ਨਾਲ ਮੁਲਾਕਾਤ ਕੀਤੀ। ਭਾਰਤੀ ਮਿਸ਼ਨ ਨੇ ਇਸ ਬਾਰੇ ਐਕਸ ’ਤੇ ਕਿਹਾ, ‘ਰਾਜਦੂਤ ਡਾ. ਸੁਹੇਲ ਖਾਨ ਨੇ ਅੱਜ ਰਿਆਧ ਵਿੱਚ ਚੇਅਰਮੈਨ ਡਾ. ਰਾਸ਼ਦ ਅਲ-ਅਲੀਮੀ ਨਾਲ ਮੁਲਾਕਾਤ ਕੀਤੀ। ਮਿਸ਼ਨ ਦੇ ਡਿਪਟੀ ਚੀਫ ਅਬੂ ਮਾਥੇਨ ਅਤੇ ਪਹਿਲੇ ਸਕੱਤਰ ਰਿਸ਼ੀ ਤ੍ਰਿਪਾਠੀ ਵੀ ਮੌਕੇ ’ਤੇ ਮੌਜੂਦ ਸਨ। ਇਸ ਦੌਰਾਨ ਭਾਰਤ-ਯਮਨ ਸਬੰਧਾਂ ਅਤੇ ਆਪਸੀ ਹਿੱਤਾਂ ਦੇ ਹੋਰ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।’ ਅਲ-ਅਲੀਮੀ ਨੇ ਅਧਿਕਾਰਤ ਬਿਆਨ ਵਿੱਚ ਭਾਰਤ ਦੇ ‘ਯਮਨ ਦੇ ਲੋਕਾਂ ਅਤੇ ਇਸ ਦੀ ਜਾਇਜ਼ ਸਰਕਾਰ ਦੇ ਸਮਰਥਨ ਵਿੱਚ ਇਤਿਹਾਸਕ ਸਟੈਂਡ’ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕਣਕ, ਡਾਕਟਰੀ ਸਪਲਾਈ, ਦਵਾਈਆਂ ਅਤੇ ਕੋਵਿਡ-19 ਟੀਕਿਆਂ ਦੀ ਖੇਪ ਵਰਗੀ ਸਹਾਇਤਾ ਸ਼ਾਮਲ ਹੈ। ਉਨ੍ਹਾਂ ਵਪਾਰਕ ਅਤੇ ਆਰਥਿਕ ਭਾਈਵਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਦੁਵੱਲਾ ਵਪਾਰ ਲਗਪਗ ਇੱਕ ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਯਮਨ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਲ-ਅਲੀਮੀ ਨੇ ਲਾਲ ਸਾਗਰ ਤੇ ਬਾਬ ਅਲ-ਮੰਦਬ ’ਚ ਸਮੁੰਦਰੀ ਸੁਰੱਖਿਆ ਵਧਾਉਣ ’ਚ ਭਾਰਤ ਦੀ ‘ਅਹਿਮ ਭੂਮਿਕਾ’ ਨੂੰ ਉਭਾਰਿਆ ਤੇ ਭਾਰਤੀ ਕਣਕ ਦੀ ਦਰਾਮਦ ’ਚ ਵਧੇਰੇ ਸਹੂਲਤ ਦੇਣ ਦੀ ਅਪੀਲ ਕੀਤੀ। ਭਾਰਤੀ ਰਾਜਦੂਤ ਖਾਨ ਨੇ ਯਮਨ ਸਰਕਾਰ ਅਤੇ ਲੋਕਾਂ ਲਈ ਕਈ ਸਹਾਇਤਾ ਪ੍ਰੋਗਰਾਮਾਂ ’ਤੇ ਵਿਚਾਰ ਕਰਨ ਦੀ ਵਚਨਬੱਧਤਾ ਪ੍ਰਗਟਾਈ।