ਅਫ਼ਗ਼ਾਨਿਸਤਾਨ ਦੇ ਕਈ ਹੋਰ ਪ੍ਰਾਂਤਾਂ ’ਚ ਵਾਈ-ਫਾਈ ਇੰਟਰਨੈੱਟ ’ਤੇ ਪਾਬੰਦੀ
ਮੋਬਾਈਲ ’ਤੇ ਮਿਲਦੀ ਰਹੇਗੀ ਇੰਟਰਨੈੱਟ ਸੁਵਿਧਾ
Advertisement
ਅਫ਼ਗਾਨਿਸਤਾਨ ਵਿੱਚ ਲੋਕਾਂ ਨੂੰ ਅਨੈਤਿਕਤਾ ਤੋਂ ਬਚਾਉਣ ਲਈ ਤਾਲਿਬਾਨ ਵੱਲੋਂ ਫਾਈਬਰ ਆਪਟਿਕ ਇੰਟਰਨੈੱਟ ਸੇਵਾਵਾਂ ’ਤੇ ਲਾਈ ਗਈ ਪਾਬੰਦੀ ਕਈ ਹੋਰ ਸੂਬਿਆਂ ਵਿੱਚ ਵੀ ਲਾਗੂ ਹੋ ਗਈ ਹੈ। ਅਗਸਤ 2021 ’ਚ ਤਾਲਿਬਾਨ ਵੱਲੋਂ ਸੱਤਾ ’ਤੇ ਕਾਬਜ਼ ਹੋਣ ਮਗਰੋਂ ਇਹ ਪਹਿਲੀ ਵਾਰ ਹੈ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ’ਚ ਇਸ ਕਿਸਮ ਦੀ ਪਾਬੰਦੀ ਲਾਈ ਗਈ ਹੈ, ਜਿਸ ਮਗਰੋਂ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸੈਕਟਰ, ਜਨਤਕ ਸੰਸਥਾਵਾਂ ਤੇ ਘਰਾਂ ’ਚ ਵਾਈ-ਫਾਈ ਇੰਟਰਨੈੱਟ ਨਹੀਂ ਚੱਲੇਗਾ। ਹਾਲਾਂਕਿ, ਮੋਬਾਈਲ ’ਤੇ ਇੰਟਰਨੈੱਟ ਦੀ ਸੁਵਿਧਾ ਮੌਜੂਦ ਰਹੇਗੀ।ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਦੂਜੇ ਵਿਕਲਪ ਲੱਭੇ ਜਾ ਰਹੇ ਹਨ। ਇਸ ਦੌਰਾਨ ਉੱਤਰੀ ਬਲਖ਼ ਪ੍ਰਾਂਤ ਨੇ ਵਾਈ-ਫਾਈ ਬੰਦ ਹੋਣ ਦੀ ਪੁਸ਼ਟੀ ਕੀਤੀ ਸੀ, ਜਿਸ ਦੌਰਾਨ ਮੁਲਕ ਦੇ ਹੋਰ ਕਈ ਹਿੱਸਿਆਂ ’ਚ ਵੀ ਇੰਟਰਨੈੱਟ ਸੁਵਿਧਾ ’ਚ ਭਾਰੀ ਰੁਕਾਵਟ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਅੱਜ ਪੂਰਬ ਅਤੇ ਉੱਤਰ ਦੇ ਆਗੂਆਂ ਨੇ ਕਿਹਾ ਕਿ ਬਗ਼ਲਾਨ, ਬਦਖ਼ਸ਼ਾਂ, ਕੁੰਦੁਜ਼, ਨੰਗਰਹਾਰ ਅਤੇ ਤੱਖੜ ਵਿੱਚ ਇੰਟਰਨੈੱਟ ਦੀ ਸੁਵਿਧਾ ਖ਼ਤਮ ਕਰ ਦਿੱਤੀ ਗਈ ਹੈ। ‘ਨੰਗਰਹਾਰ ਕਲਚਰ ਡਾਇਰੈਕਟੋਰੇਟ’ ਤੋਂ ਸਿੱਦੀਕੁਲਾਹ ਕੁਰੈਸ਼ੀ ਨੇ ਖ਼ਬਰ ਏਜੰਸੀ ਏਪੀ ਨੂੰ ਇੰਟਰਨੈੱਟ ਦੀ ਸੁਵਿਧਾ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ। ਕੁੰਦੁਜ਼ ’ਚ ਰਾਜਪਾਲ ਦੇ ਦਫ਼ਤਰ ਨੇ ਸਰਕਾਰੀ ਵਟਸਐਪ ਗਰੁੱਪ ਵਿੱਚ ਇਸ ਸਬੰਧੀ ਸੁਨੇਹਾ ਸਾਂਝਾ ਕੀਤਾ ਹੈ। ਦੂਜੇ ਪਾਸੇ, ‘ਅਫ਼ਗਾਨਿਸਤਾਨ ਮੀਡੀਆ ਸਪੋਰਟ ਆਰਗੇਨਾਈਜੇਸ਼ਨ’ ਨੇ ਇੰਟਰਨੈੱਟ ’ਤੇ ਪਾਬੰਦੀ ਦੀ ਨਿਖੇਧੀ ਕਰਦਿਆਂ ਇਸ ਮਸਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ।
Advertisement
Advertisement