ਸਰਕਾਰ ਡੇਗਣ ਦਾ ਮੌਕਾ ਨਹੀਂ ਛੱਡਾਂਗੇ: ਰਾਜਪਕਸੇ
ਐੱਨ ਪੀ ਪੀ ਸਰਕਾਰ ’ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਦੀ ਅਗਵਾਈ ਹੇਠਲੀ ਸ੍ਰੀਲੰਕਾ ਦੀ ਵਿਰੋਧੀ ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੌਕਾ ਮਿਲਿਆ ਤਾਂ ਉਹ ਸਰਕਾਰ ਡੇਗਣ ਦੀ ਕੋਸ਼ਿਸ਼ ਕਰੇਗੀ।
2024 ਦੀਆਂ ਚੋਣਾਂ ’ਚ ਵੱਡੀ ਜਿੱਤ ਮਗਰੋਂ ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਾਨਾਇਕੇ ਦੀ ਅਗਵਾਈ ਹੇਠਲੀ ਨੈਸ਼ਨਲ ਪੀਪਲਜ਼ ਪਾਵਰ (ਐੱਨ ਪੀ ਪੀ) ਨੇ ਪਿਛਲੇ ਰਾਜਪਕਸਾ ਪ੍ਰਸ਼ਾਸਨ ਦੇ ਮੈਂਬਰਾਂ ਖ਼ਿਲਾਫ਼ ਕੇਸ ਚਲਾਏ ਹਨ। ਮਹਿੰਦਾ ਰਾਜਪਕਸਾ ਦੇ ਪੁੱਤਰ ਨਮਲ ਰਾਜਪਕਸਾ ਨੇ ਲੰਘੇ ਸ਼ੁੱਕਰਵਾਰ ਕੋਲੰਬੋ ਦੇ ਉਪ ਨਗਰ ਨੁਗੇਗੋਡਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਤਿਆਰ ਹਾਂ ਅਤੇ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਅਸੀਂ ਪਹਿਲੇ ਮੌਕੇ ’ਤੇ ਸਰਕਾਰ ਡੇਗ ਦੇਵਾਂਗੇ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਕਿਰਪਾ ਕਰਕੇ ਸਾਲ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰੇ।’’ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੀ ਪਾਰਟੀ ਦੇ ਕਈ ਮੈਂਬਰਾਂ ਦੇ ਜੇਲ੍ਹ ਜਾਣ ਜਾਂ ਜ਼ਮਾਨਤ ’ਤੇ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਕਾਰਵਾਈਆਂ ਤੋਂ
ਨਹੀਂ ਡਰਨਗੇ।
