ਯੂਕਰੇਨੀ ਇਲਾਕੇ ਨਹੀਂ ਛੱਡਾਂਗੇ: ਜ਼ੇਲੈਂਸਕੀ
ਯੂਰੋਪੀਅਨ ਮੁਲਕਾਂ ਤੋਂ ਹਮਾਇਤ ਲੈਣ ਲਈ ਦੌਰਾ ਕਰ ਰਹੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੋਮ ਦਾ ਦੌਰਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਯੂਕਰੇਨ ਦਾ ਕੋਈ ਵੀ ਇਲਾਕਾ ਰੂਸ ਦੇ ਸਪੁਰਦ ਨਹੀਂ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੇਸ਼ ਸ਼ਾਂਤੀ ਯੋਜਨਾ ’ਚ ਯੂਕਰੇਨ ਦੇ ਕੁਝ ਇਲਾਕੇ ਰੂਸ ਹਵਾਲੇ ਕਰਨ ਦੀ ਤਜਵੀਜ਼ ਹੈ। ਟਰੰਪ ਲਗਾਤਾਰ ਜ਼ੇਲੈਂਸਕੀ ’ਤੇ ਸ਼ਾਂਤੀ ਯੋਜਨਾ ਮੰਨਣ ਲਈ ਦਬਾਅ ਪਾ ਰਹੇ ਹਨ। ਸ੍ਰੀ ਜ਼ੇਲੈਂਸਕੀ ਨੇ ਪੋਪ ਲਿਓ 14ਵੇਂ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ, ‘‘ਅਸੀਂ ਕੁਝ ਵੀ ਨਹੀਂ ਦੇਣਾ ਚਾਹੁੰਦੇ। ਅਮਰੀਕੀ ਅੱਜ ਹੀ ਸਮਝੌਤਾ ਕਰਵਾਉਣਾ ਚਾਹੁੰਦੇ ਹਨ। ਬਿਨਾਂ ਸ਼ੱਕ ਰੂਸ ਦਬਾਅ ਪਾ ਰਿਹਾ ਹੈ ਕਿ ਅਸੀਂ ਆਪਣੇ ਇਲਾਕੇ ਛੱਡੀਏ ਪਰ ਯੂਕਰੇਨੀ ਕਾਨੂੰਨ ਤੇ ਸੰਵਿਧਾਨ ਮੁਤਾਬਕ ਮੇਰੇ ਕੋਲ ਅਜਿਹੇ ਅਖ਼ਤਿਆਰ ਨਹੀਂ ਹਨ ਅਤੇ ਨਾ ਹੀ ਕੋਈ ਨੈਤਿਕ ਹੱਕ ਹੈ।’’ ਉਧਰ, ਸੋਮਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਜ਼ੇਲੈਂਸਕੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਮਾਇਤ ਦਿੱਤੀ। ਇਸ ਦੌਰਾਨ ਰੂਸ ਨੇ ਯੂਕਰੇਨ ’ਤੇ 110 ਡਰੋਨ ਦਾਗ਼ੇ ਜਿਨ੍ਹਾਂ ’ਚੋਂ 84 ਫੁੰਡ ਦਿੱਤੇ ਗਏ। ਯੂਕਰੇਨ ਦੇ ਊਰਜਾ ਪਲਾਂਟਾਂ ’ਤੇ ਹਮਲਿਆਂ ਕਾਰਨ ਕਈ ਖਿੱਤਿਆਂ ’ਚ ਬਲੈਕਆਊਟ ਰਿਹਾ। ਯੂਕਰੇਨ ਨੇ ਵੀ ਰੂਸ ’ਤੇ ਡਰੋਨ ਹਮਲੇ ਕੀਤੇ ਜਿਨ੍ਹਾਂ ’ਚੋਂ ਰੂਸੀ ਹਵਾਈ ਫੌਜ ਨੇ 121 ਡਰੋਨ ਸੁੱਟ ਲਏ।
