ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ: ਵਾਲਮਾਰਟ ਸਟੋਰ ਵਿੱਚ ਚਾਕੂ ਨਾਲ ਕੀਤੇ ਹਮਲੇ ’ਚ 11 ਵਿਅਕਤੀ ਜ਼ਖ਼ਮੀ

ਛੇ ਦੀ ਹਾਲਤ ਗੰਭੀਰ; ਪੁਲੀਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ’ਚ ਲਿਆ
ਮਿਸ਼ੀਗਨ ਦੀ ਟਰੈਵਰਸ ਸਿਟੀ ਵਿੱਚ ਘਟਨਾ ਸਥਾਨ ’ਤੇ ਵਾਲਮਾਰਟ ਸਟੋਰ ਦੇ ਮੁਲਾਜ਼ਮਾਂ ਕੋਲੋਂ ਪੁੱਛ-ਪੜਤਾਲ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਰਾਇਟਰਜ਼
Advertisement
ਅਮਰੀਕਾ ਦੀ ਟਰੈਵਰਸ ਸਿਟੀ ਦੇ ਵਾਲਮਾਰਟ ਸਟੋਰ ਵਿੱਚ ਸ਼ਨਿਚਰਵਾਰ ਨੂੰ ਘੱਟੋ-ਘੱਟ 11 ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ੱਕੀ ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਗਰੈਂਡ ਟਰੈਵਰਸ ਕਾਊਂਟੀ ਦੇ ਸ਼ੈਰਿਫ ਮਾਈਕਲ ਸ਼ੀਆ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 11 ਵਿਅਕਤੀ ਜ਼ਖ਼ਮੀ ਹੋਏ ਹਨ। ਟਰੈਵਰਸ ਸਿਟੀ ਤੋਂ ਲਗਪਗ 25 ਮੀਲ ਦੂਰ ਔਨਰ ਵਿੱਚ ਰਹਿਣ ਵਾਲੀ 36 ਸਾਲਾ ਟਿਫਨੀ ਡੈਫੈਲ ਨੇ ਦੱਸਿਆ ਕਿ ਜਦੋਂ ਉਹ ਪਾਰਕਿੰਗ ਵਾਲੀ ਥਾਂ ’ਤੇ ਮੌਜੂਦ ਸੀ ਤਾਂ ਉਸ ਨੇ ਆਪਣੇ ਆਸ-ਪਾਸ ਹਫ਼ੜਾ-ਦਫ਼ੜੀ ਮਚੀ ਦੇਖੀ। ਉਸ ਨੇ ਕਿਹਾ, ‘‘ਇਹ ਅਸਲੀਅਤ ਵਿੱਚ ਡਰਾਉਣਾ ਸੀ। ਮੈਂ ਤੇ ਮੇਰੀ ਭੈਣ ਬਹੁਤ ਘਬਰਾ ਗਏ ਸੀ।’’

Advertisement

‘ਮੁਨਸਨ ਹੈਲਥਕੇਅਰ’ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉੱਤਰੀ ਮਿਸ਼ੀਗਨ ਸਥਿਤ ਇਸ ਹਸਪਤਾਲ ਵਿੱਚ 11 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੀ ਤਰਜਮਾਨ ਮੈਗਨ ਬਰਾਊਨ ਨੇ ਦੱਸਿਆ ਕਿ ਸਾਰੇ ਵਿਅਕਤੀ ਚਾਕੂ ਲੱਗਣ ਕਾਰਨ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਤੱਕ ਛੇ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਸੀ ਅਤੇ ਪੰਜ ਦੀ ਹਾਲਤ ਗੰਭੀਰ ਸੀ। ਮਿਸ਼ੀਗਨ ਸੂਬੇ ਦੀ ਪੁਲੀਸ ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਸ਼ੀਆ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਸੰਭਾਵੀ ਤੌਰ ’ਤੇ ਮਿਸ਼ੀਗਨ ਦਾ ਵਸਨੀਕ ਹੈ ਪਰ ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਗਵਰਨਰ ਗ੍ਰੈਚੇਨ ਵ੍ਹਿਮਟਰ ਨੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਵਾਲਮਾਰਟ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਜਾਂਚ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਸਹਿਯੋਗ ਕਰ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਇਸ ਤਰ੍ਹਾਂ ਦੀ ਹਿੰਸਾ ਸਵੀਕਾਰ ਨਹੀਂ ਹੈ। ਸਾਡੀ ਹਮਦਰਦੀ ਜ਼ਖ਼ਮੀਆਂ ਦੇ ਨਾਲ ਹੈ ਅਤੇ ਤੁਰੰਤ ਕਾਰਵਾਈ ਲਈ ਬਚਾਅ ਕਰਮੀਆਂ ਦੇ ਧੰਨਵਾਦੀ ਹਾਂ।’’

 

Advertisement