ਅਮਰੀਕਾ: ਸਕੂਲ ’ਚ ਗੋਲੀਬਾਰੀ ਕਰਨ ਵਾਲੀ ਨੇ ਬੰਦੂਕ ’ਤੇ ਲਿਖਿਆ ਸੀ ‘ਨਿਊਕ ਇੰਡੀਆ’
ਅਮਰੀਕਾ ਦੇ ਮਿਨੀਆਪੋਲਿਸ ਦੇ ਕੈਥੋਲਿਕ ਸਕੂਲ ’ਚ ਬੀਤੇ ਦਿਨ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ ਕਰਨ ਵਾਲੀ ਹਮਲਾਵਰ ਦੀ ਬੰਦੂਕ ’ਤੇ ‘ਨਿਊਕ ਇੰਡੀਆ’ ਲਿਖਿਆ ਹੋਇਆ ਮਿਲਿਆ ਹੈ। ਇਸ ਹਮਲੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਪੁਲੀਸ ਮੁਖੀ ਓ’ਹਾਰਾ ਨੇ ਦੱਸਿਆ ਕਿ ਕਈ ਅਧਿਕਾਰੀ ਮੌਕੇ ’ਤੇ ਪੁੱਜੇ ਜਿੱਥੇ ਕਈ ਬੱਚੇ ਤੇ ਕਰਮਚਾਰੀ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰ ਦੀ ਪਛਾਣ 23 ਸਾਲਾ ਰੌਬਿਨ ਵੈਸਟਮੈਨ ਵਜੋਂ ਹੋਈ ਹੈ, ਜਿਸ ਨੇ ਘਟਨਾ ’ਚ ਵਰਤੇ ਗਏ ਹਥਿਆਰ ਕਾਨੂੰਨੀ ਢੰਗ ਨਾਲ ਖਰੀਦੇ ਸਨ ਤੇ ਉਹ ਇਕੱਲੀ ਹੀ ਵਾਰਦਾਤ ’ਚ ਸ਼ਾਮਲ ਸੀ। ਆਨਲਾਈਨ ਪ੍ਰਸਾਰਿਤ ਇੱਕ ਵੀਡੀਓ ਫੁਟੇਜ ’ਚ ਹਮਲਾਵਰ ਵੈਸਟਮੈਨ ਆਪਣੇ ਕਾਰਤੂਸ, ਰਾਈਫਲ ਤੇ ਬੰਦੂਕਾਂ ਦਿਖਾ ਰਹੀ ਹੈ। ਇਨ੍ਹਾਂ ’ਚੋਂ ਇੱਕ ਬੰਦੂਕ ’ਤੇ ਸਫੈਦ ਰੰਗ ਨਾਲ ‘ਮਾਸ਼ਾਅੱਲ੍ਹਾ’ ਅਤੇ ‘ਨਿਊਕ ਇੰਡੀਆ’ ਲਿਖਿਆ ਹੋਇਆ ਸੀ।
ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ
ਪੁਲੀਸ ਅਨੁਸਾਰ ਜ਼ਖ਼ਮੀਆਂ ’ਚ 14 ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਛੇ ਤੋਂ 15 ਸਾਲ ਵਿਚਾਲੇ ਹੈ। ਤਿੰਨ ਜ਼ਖ਼ਮੀਆਂ ਦੀ ਉਮਰ 80 ਸਾਲ ਦੇ ਨੇੜੇ ਹੈ ਅਤੇ ਉਹ ਗਿਰਜਾਘਰ ਦੇ ਮੈਂਬਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ, ‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਕਿਸੇ ਵੀ ਰਾਜ, ਭਾਈਚਾਰੇ ਜਾਂ ਸਕੂਲ ਨੂੰ ਅਜਿਹਾ ਦਿਨ ਕਦੀ ਨਾਲ ਦੇਖਣਾ ਪਵੇ।’