US Lawmakers Attack: ਅਮਰੀਕਾ ’ਚ Democrat ਕਾਨੂੰਨਸਾਜ਼ਾਂ ’ਤੇ ਹਮਲਾ; 2 ਹਲਾਕ, 2 ਜ਼ਖ਼ਮੀ
ਬਲੇਨ, 14 ਜੂਨ
ਅਮਰੀਕੀ ਸੂਬੇ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ (Minnesota Governor Tim Walz) ਦਾ ਕਹਿਣਾ ਹੈ ਕਿ ਸੂਬਾਈ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੌਰਟਮੈਨ (former state House Speaker Melissa Hortman) ਅਤੇ ਉਨ੍ਹਾਂ ਦੇ ਪਤੀ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਕਤਲ ਵਿੱਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਹੈ ਅਤੇ ਘਟਨਾ ਵਿਚ ਇਕ ਹੋਰ ਕਾਨੂੰਨਸਾਜ਼ ਅਤੇ ਉਨ੍ਹਾਂ ਦੀ ਪਤਨੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਹਨ।
ਗਿਣ-ਮਿੱਥ ਕੇ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਇਨ੍ਹਾਂ ਹੱਤਿਆਵਾਂ ਤੋਂ ਘੰਟਿਆਂ ਬਾਅਦ ਪੁਲੀਸ ਵੱਲੋਂ ਇੱਕ ਮਸ਼ਕੂਕ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲੀਸ ਨੇ ਗੋਲੀਬਾਰੀ ਵਿੱਚ ਵਰਤੀ ਗਈ ਇੱਕ ਮਸ਼ਕੂਕ ਵਿਅਕਤੀ ਦੀ ਜਾਅਲੀ ਪੁਲੀਸ ਕਾਰ ਵਿੱਚ ਕਈ ਕਾਨੂੰਨਸਾਜ਼ਾਂ ਅਤੇ ਹੋਰ ਅਧਿਕਾਰੀਆਂ ਦੇ ਨਾਵਾਂ ਦੇ ਜ਼ਿਕਰ ਵਾਲੀਆਂ ਲਿਖਤਾਂ ਬਰਾਮਦ ਕੀਤੀਆਂ ਹਨ। ਬਰੁਕਲਿਨ ਪਾਰਕ ਪੁਲੀਸ ਮੁਖੀ ਮਾਰਕ ਬਰੂਲੀ (Brooklyn Park Police Chief Mark Bruley) ਨੇ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਲਿਖਤਾਂ ਵਿੱਚ ਕਈ ਕਾਨੂੰਨਸਾਜ਼ਾਂ ਅਤੇ ਹੋਰ ਅਧਿਕਾਰੀਆਂ ਦੀ ਪਛਾਣ ਕੀਤੀ ਗਈ ਹੈ। ਇਹ ਲਿਖਤਾਂ ਉਦੋਂ ਲੱਭੀਆਂ ਗਈਆਂ ਜਦੋਂ ਅਧਿਕਾਰੀਆਂ ਨੇ ਇੱਕ ਨਕਲੀ ਪੁਲੀਸ ਕਾਰ ਦੀ ਤਲਾਸ਼ੀ ਲਈ ਜਿਸ ਦੀ ਵਰਤੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਮਸ਼ਕੂਕ ਵਿਅਕਤੀ ਨੇ ਕੀਤੀ ਸੀ।
ਸੂਬੇ ਦੇ ਗਵਰਨਰ ਵਾਲਜ਼ ਨੇ ਸ਼ਨਿੱਚਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸਾਨੂੰ ਸਾਰਿਆਂ ਨੂੰ, ਮਿਨੀਸੋਟਾ ਅਤੇ ਦੇਸ਼ ਭਰ ਵਿੱਚ, ਹਰ ਤਰ੍ਹਾਂ ਦੀ ਸਿਆਸੀ ਹਿੰਸਾ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ।” ਉਨ੍ਹਾਂ ਕਿਹਾ, “ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।”
ਜ਼ਖਮੀ ਕਾਨੂੰਨਸਾਜ਼ ਦੀ ਪਛਾਣ ਸਟੇਟ ਸੈਨੇਟਰ ਜੌਨ ਹਾਫਮੈਨ (state Sen. John Hoffman) ਵਜੋਂ ਹੋਈ, ਜੋ 2012 ਵਿੱਚ ਪਹਿਲੀ ਵਾਰ ਚੁਣੇ ਗਏ ਡੈਮੋਕ੍ਰੇਟ ਸਨ।
ਹਾਫਮੈਨ ਵਿਆਹੇ ਹੋਏ ਹਨ ਤੇ ਉਨ੍ਹਾਂ ਦੀ ਇੱਕ ਧੀ ਹੈ ਅਤੇ ਮਿਨੀਐਪੋਲਿਸ ਦੇ ਉੱਤਰ ਵਿੱਚ ਇੱਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ। ਹੌਰਟਮੈਨ ਸੂਬਾਈ ਵਿਧਾਨ ਸਭਾ ਵਿੱਚ ਹਾਊਸ ਡੈਮੋਕ੍ਰੇਟਿਕ ਧਿਰ ਦੀ ਚੋਟੀ ਦੀ ਨੇਤਾ ਅਤੇ ਸਾਬਕਾ ਸਪੀਕਰ ਸੀ। ਉਹ ਪਹਿਲੀ ਵਾਰ 2004 ਵਿੱਚ ਚੁਣੀ ਗਈ ਸੀ। ਘਟਨਾ ਵਿਚ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦੀ ਮੌਮ ਹੋ ਗਈ, ਜਿਨ੍ਹਾਂ ਦੇ ਦੋ ਬੱਚੇ ਸਨ। -ਏਪੀ