ਅਮਰੀਕਾ: ਭਾਰਤ ਵੱਲੋਂ ਹਾਇਰ ਕੰਪਨੀ ਦੇ ਮੁਖੀ ਨੇ ਟਰੰਪ ਨਾਲ ਕੀਤੀ ਮੁਲਾਕਾਤ
ਭਾਰਤ ਵੱਲੋਂ ਅਮਰੀਕੀ ਪ੍ਰਸ਼ਾਸਨ ਤੱਕ ਪਹੁੰਚ ਬਣਾਉਣ ਲਈ ਹਾਇਰ ਕੀਤੀ ਗਈ ਕੰਪਨੀ ਦੇ ਮੁਖੀ ਜੇਸਨ ਮਿਲਰ ਨੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਵਪਾਰ ਅਤੇ ਟੈਰਿਫ਼ ਨੂੰ ਲੈ ਕੇ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਖਿੱਚੋਤਾਣ ਪੈਦਾ ਹੋ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਮਿਲਰ ਅਤੇ ਟਰੰਪ ਦੀ ਮੁਲਾਕਾਤ ਨਾਲ ਦੋਵੇਂ ਮੁਲਕਾਂ ਵਿਚਾਲੇ ਸਬੰਧ ਮੁੜ ਤੋਂ ਸੁਖਾਵੇਂ ਹੋ ਸਕਦੇ ਹਨ। ਮਿਲਰ ਐੱਸ ਐੱਚ ਡਬਲਿਊ ਪਾਰਟਨਰਸ ਐੱਲ ਐੱਲ ਸੀ ਕੰਪਨੀ ਦੇ ਮੁਖੀ ਹਨ ਜਿਸ ਨੂੰ ਭਾਰਤੀ ਸਫ਼ਾਰਤਖਾਨੇ ਨੇ ਅਪਰੈਲ ’ਚ ਇਕ ਸਾਲ ਲਈ 18 ਲੱਖ ਡਾਲਰ ’ਤੇ ਹਾਇਰ ਕੀਤਾ ਹੈ। ਮਿਲਰ ਨੇ ਟਰੰਪ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੇ ਮਕਸਦ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਪਰ ਉਸ ਨੇ ਸੋਸ਼ਲ ਮੀਡੀਆ ’ਤੇ ਟਰੰਪ ਸਮੇਤ ਹੋਰ ਕਈ ਆਗੂਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਟਰੰਪ ਨੇ ਭਾਰਤ ਅਤੇ ਅਮਰੀਕਾ ਦੇ ਸਬੰਧ ਖਾਸ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਦੋਸਤ ਰਹਿਣਗੇ।