ਸੰਯੁਕਤ ਰਾਸ਼ਟਰ ਆਗੂਆਂ ਨੇ ਭਾਰਤ ਨੂੰ ਦੱਖਣ-ਦੱਖਣ ਸਹਿਯੋਗ ਦਾ ਪੈਰੋਕਾਰ ਦੱਸਿਆ
ਸੰਯੁਕਤ ਰਾਸ਼ਟਰ, 30 ਨਵੰਬਰ
ਸੰਯੁਕਤ ਰਾਸ਼ਟਰ ਦੇ ਸਿਖਰਲੇ ਆਗੂਆਂ ਅਤੇ ਸਫ਼ੀਰਾਂ ਨੇ ਆਲਮੀ ਚੁਣੌਤੀਆਂ ਦੇ ਟਾਕਰੇ ਅਤੇ ਦੱਖਣ-ਦੱਖਣ ਸਹਿਯੋਗ ਦਾ ਪੈਰੋਕਾਰ ਹੋਣ ਲਈ ਭਾਰਤ ਦੀ ਮਿਸਾਲੀ ਅਗਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇਸ਼ ਦੀ ਜੀ-20 ਪ੍ਰਧਾਨਗੀ ਅਤੇ ਭਾਰਤ ਤੇ ਸੰਯੁਕਤ ਰਾਸ਼ਟਰ ਵਿਚਕਾਰ ਪੱਕੀ ਭਾਈਵਾਲੀ ’ਤੇ ਵੀ ਰੌਸ਼ਨੀ ਪਾਈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਅਤੇ ਦੱਖਣ-ਦੱਖਣ ਸਹਿਯੋਗ ਲਈ ਸੰਯੁਕਤ ਰਾਸ਼ਟਰ ਦਫ਼ਤਰ ਨੇ ਬੁੱਧਵਾਰ ਨੂੰ ਇਥੇ ਇਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਭਾਰਤ-ਸੰਯੁਕਤ ਰਾਸ਼ਟਰ ਵਿਕਾਸ ਪਾਰਟਰਨਸ਼ਿਪ ਫੰਡ ਦੇ ਛੇ ਸਾਲ ਪੂਰੇ ਹੋਣ ਮੌਕੇ ਸੰਯੁਕਤ ਰਾਸ਼ਟਰ ਦੀ ਉਪ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਕਿਹਾ ਕਿ ਭਾਰਤ ‘ਵਾਸੂਧੈਵ ਕੁਟੁੰਬਕਮ’ ਦੀ ਰਾਹ ’ਤੇ ਤੁਰਦਿਆਂ ਲੰਬੇ ਸਮੇਂ ਤੋਂ ਦੱਖਣ-ਦੱਖਣ ਸਹਿਯੋਗ ਅਤੇ ਸਥਾਈ ਵਿਕਾਸ ਟੀਚਿਆਂ ਦਾ ਪੈਰੋਕਾਰ ਰਿਹਾ ਹੈ। ਮੁਹੰਮਦ ਨੇ ਕਿਹਾ ਕਿ ਪਾਰਟਨਰਸ਼ਿਪ ਫੰਡ ਦੀ ਛੇਵੀਂ ਵਰ੍ਹੇਗੰਢ ਸਾਨੂੰ ਟਿਕਾਊ ਵਿਕਾਸ ਟੀਚੇ ਹਾਸਲ ਕਰਨ ’ਚ ਪੈਦਾ ਹੋਣ ਵਾਲੇ ਅੜਿੱਕਿਆਂ ਅਤੇ ਚੁਣੌਤੀਆਂ ਦੇ ਟਾਕਰੇ ’ਤੇ ਅਹਿਮ ਭੂਮਿਕਾ ਬਾਰੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫਰਾਂਸਿਸ ਨੇ ਕਿਹਾ ਕਿ ਮਹਾਮਾਰੀ ਦੇ ਅਸਰ ਨਾਲ ਗੁੰਝਲਦਾਰ ਹੋਏ ਵਿੱਤੀ ਖੇਤਰ ’ਚ ਪੈਦਾ ਹੋਈਆਂ ਦਿੱਕਤਾਂ ਦੇ ਨਿਪਟਾਰੇ ਲਈ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਭਾਰਤ ’ਚ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿੰਦਾ ਹੈ ਅਤੇ ਇਹ ਸੰਯੁਕਤ ਰਾਸ਼ਟਰ ਸਮੇਤ ਆਲਮੀ ਮਿਸ਼ਨ ’ਚ ਵੀ ਬੇਮਿਸਾਲ ਭੂਮਿਕਾ ਨਿਭਾ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਭਾਰਤ ਨੇ ਜੋ ਕੁਝ ਕਿਹਾ ਹੈ, ਉਹ ਕੀਤਾ ਹੈ ਅਤੇ ਕਿਸੇ ਨੂੰ ਪਿੱਛੇ ਨਹੀਂ ਛੱਡਣ ਦੀ ਉਸ ਦੀ ਵਚਨਬੱਧਤਾ ’ਚ ਹਕੀਕਤ ਨਜ਼ਰ ਆਉਂਦੀ ਹੈ। -ਪੀਟੀਆਈ
