ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਪ੍ਰਵਾਨ
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦੀ ਹਮਾਇਤ ਕਰਨ ਵਾਲੇ ਮਤੇ ਦਾ ਖਰੜਾ ਪਾਸ ਕਰ ਦਿੱਤਾ ਹੈ ਅਤੇ ਗਾਜ਼ਾ ਪੱਟੀ ’ਚ ਕੌਮਾਂਤਰੀ ਸਥਿਰੀਕਰਨ ਬਲ ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਮਾਸ ਨੇ ਇਸ ਯੋਜਨਾ ਨੂੰ ਗਾਜ਼ਾ ’ਤੇ ਕੰਟਰੋਲ ਦਾ ਵਿਦੇਸ਼ੀ ਸਾਧਨ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ। ਸ੍ਰੀ ਟਰੰਪ ਨੇ ਇਸ ਨੂੰ ‘ਇਤਿਹਾਸਕ ਮਹੱਤਵ ਵਾਲਾ ਪਲ’ ਕਰਾਰ ਦਿੱਤਾ ਹੈ।
ਅਮਰੀਕੀ ਮਤੇ ਦਾ ਇਹ ਖਰੜਾ ਲੰਘੀ ਸ਼ਾਮ 15 ਮੈਂਬਰੀ ਸੁਰੱਖਿਆ ਕੌਂਸਲ ’ਚ 13 ਵੋਟਾਂ ਨਾਲ ਪਾਸ ਹੋਇਆ। ਕਿਸੇ ਵੀ ਮੁਲਕ ਨੇ ਵਿਰੋਧ ’ਚ ਵੋਟ ਨਹੀਂ ਪਾਈ; ਚੀਨ ਤੇ ਰੂਸ ਨੇ ਵੋਟਿੰਗ ਤੋਂ ਦੂਰੀ ਬਣਾਈ ਰੱਖੀ। ਇਸ ਦੌਰਾਨ ਸ੍ਰੀ ਟਰੰਪ ਦੀ ‘ਗਾਜ਼ਾ ਸੰਘਰਸ਼ ਖਤਮ ਕਰਨ ਦੀ ਯੋਜਨਾ’ ਨੂੰ ਮਨਜ਼ੂਰੀ ਦਿੱਤੀ ਗਈ ਜੋ 29 ਸਤੰਬਰ ਨੂੰ ਪੇਸ਼ ਕੀਤੀ ਗਈ ਸੀ। ਇਸ ਵਿੱਚ ਗਾਜ਼ਾ ਨੂੰ ‘ਕੱਟੜਵਾਦ ਮੁਕਤ ਅਤਿਵਾਦ ਮੁਕਤ ਖੇਤਰ’ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਮਤੇ ’ਚ ‘ਸ਼ਾਂਤੀ ਬੋਰਡ’ ਬਣਾਉਣ ਦੀ ਵੀ ਤਜਵੀਜ਼ ਹੈ ਜਿਸ ਨੂੰ ਕੌਮਾਂਤਰੀ ਕਾਨੂੰਨੀ ਦਰਜਾ ਦਿੱਤਾ ਗਿਆ ਹੈ; ਇਹ ਗਾਜ਼ਾ ਦੇ ਮੁੜ ਨਿਰਮਾਣ ਲਈ ਢਾਂਚਾ ਤਿਆਰ ਕਰੇਗਾ ਤੇ ਵਿੱਤੀ ਤਾਲਮੇਲ ਕਰੇਗਾ। ਸ੍ਰੀ ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਇਸ ਨੂੰ ਸੰਯੁਕਤ ਰਾਸ਼ਟਰ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਪ੍ਰਵਾਨਗੀਆਂ ’ਚੋਂ ਇੱਕ ਮੰਨਿਆ ਜਾਵੇਗਾ ਤੇ ਦੁਨੀਆ ਭਰ ’ਚ ਵਧੇਰੇ ਸ਼ਾਂਤੀ ਆਵੇਗੀ।’’ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਅਮਰੀਕੀ ਤਜਵੀਜ਼ ਦੇ ਪਾਸ ਹੋਣ ਨੂੰ ਜੰਗਬੰਦੀ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਦੱਸਿਆ। ਉੱਧਰ ਹਮਾਸ ਨੇ ਯੋਜਨਾ ਖਾਰਜ ਕਰਦਿਆਂ ਕਿਹਾ ਕਿ ਇਹ ਮਤਾ ‘ਫਲਸਤੀਨੀ ਲੋਕਾਂ ਦੀਆਂ ਸਿਆਸੀ ਤੇ ਮਨੁੱਖੀ ਮੰਗਾਂ ਅਤੇ ਅਧਿਕਾਰਾਂ ਦੇ ਪੱਧਰ ਨੂੰ ਪੂਰਾ ਨਹੀਂ ਕਰਦਾ।’
ਸ਼ਾਂਤੀ ਬਹਾਲੀ ਵੱਲ ਪਹਿਲਾ ਕਦਮ: ਫ਼ਲਸਤੀਨ
ਮਨੀਲਾ: ਫ਼ਲਸਤੀਨ ਦੀ ਵਿਦੇਸ਼ ਮੰਤਰੀ ਵਾਰਸੇਨ ਅਗ਼ਾਬੇਕੀਅਨ ਸ਼ਾਹੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਰਾਸ਼ਟਰਪਤੀ ਟਰੰਪ ਦੀ ਯੋਜਨਾ ਦੀ ਹਮਾਇਤ ਕਰਨਾ ਸ਼ਾਂਤੀ ਬਹਾਲੀ ਦੀ ਲੰਮੀ ਯਾਤਰਾ ਵੱਲ ਜ਼ਰੂਰੀ ਪਹਿਲਾ ਕਦਮ ਹੈ। ਫ਼ਲਸਤੀਨ ਦੇ ਖ਼ੁਦ ਫ਼ੈਸਲੇ ਕਰਨ ਅਤੇ ਫ਼ਲਸਤੀਨ ਦੀ ਆਜ਼ਾਦੀ ਸਮੇਤ ਅਜੇ ਵੀ ਕਈ ਹੋਰ ਮੁੱਦੇ ਹਨ ਜਿਨ੍ਹਾਂ ’ਤੇ ਧਿਆਨ ਦੇਣ ਦੀ ਲੋੜ ਹੈ। -ਰਾਇਟਰਜ਼
ਹਮਾਸ ਨੂੰ ਖਦੇੜਿਆ ਜਾਵੇ: ਨੇਤਨਯਾਹੂ
ਤਲ ਅਵੀਵ: ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਖਿੱਤੇ ਤੋਂ ਖਦੇੜਨ ਦਾ ਸੱਦਾ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਟਰੰਪ ਦੀ ਸ਼ਲਾਘਾ ਕੀਤੀ ਅਤੇ ਦੂਜੀ ’ਚ ਲਿਖਿਆ ਕਿ ਇਜ਼ਰਾਇਲੀ ਸਰਕਾਰ ਦਾ ਮੰਨਣਾ ਹੈ ਕਿ ਇਹ ਯੋਜਨਾ ਸ਼ਾਂਤੀ ਤੇ ਖੁਸ਼ਹਾਲੀ ਲਿਆਏਗੀ, ਇਸ ’ਚ ‘ਗਾਜ਼ਾ ਨੂੰ ਮੁਕੰਮਲ ਫੌਜ ਮੁਕਤ ਤੇ ਕੱਟੜਵਾਦ ਮੁਕਤ’ ਕਰਨ ਦਾ ਸੱਦਾ ਦਿੱਤਾ ਗਿਆ ਹੈ। -ਰਾਇਟਰਜ਼
