ਟਰੰਪ ਨੇ ਕੌਫੀ, ਟਮਾਟਰ ਤੇ ਹੋਰ ਖੇਤੀ ਉਤਪਾਦਾਂ ’ਤੇ ਟੈਰਿਫ ਘਟਾਇਆ
ਅਮਰੀਕੀ ਅਰਥਚਾਰੇ ਨੂੰ ਲੈ ਕੇ ਦੇਸ਼ ਵਾਸੀਆਂ ’ਚ ਵਧਦੀ ਨਿਰਾਸ਼ਾ ਅਤੇ ਬੇਚੈਨੀ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਗਾਂ ਦੇ ਮਾਸ, ਟਮਾਟਰ, ਕੌਫੀ ਤੇ ਕੇਲੇ ਸਮੇਤ ਕਈ ਖੇਤੀ ਉਤਪਾਦਾਂ ਦੀ ਦਰਾਮਦ ’ਤੇ ਟੈਰਿਫ ਘਟਾ ਦਿੱਤਾ ਗਿਆ ਹੈ। ਇਹ ਤਬਦੀਲੀ 20 ਨਵੰਬਰ ਤੋਂ ਅਮਲ ’ਚ ਆਵੇਗੀ। ਇਹ ਜਾਣਕਾਰੀ ਸੀ ਐੱਨ ਐੱਨ ਦੀ ਰਿਪੋਰਟ ’ਚ ਦਿੱਤੀ ਗਈ ਹੈ। ਇਸ ਹੁਕਮ ਤਹਿਤ ਇਨ੍ਹਾਂ ਵਸਤਾਂ ਨੂੰ ‘ਜਵਾਬੀ’ ਟੈਰਿਫ ਪ੍ਰਣਾਲੀ ’ਚੋਂ ਹਟਾ ਦਿੱਤਾ ਗਿਆ ਹੈ ਜਿਸ ਤਹਿਤ 10 ਤੋਂ 50 ਫੀਸਦ ਤੱਕ ਟੈਰਿਫ ਲਾਗੂ ਹੁੰਦਾ ਹੈ। ਇਸ ਹੁਕਮ ਤਹਿਤ ਟੈਰਿਫ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੇ ਗਏ ਹਨ। ਮਿਸਾਲ ਦੇ ਤੌਰ ’ਤੇ ਅਮਰੀਕਾ ਨੂੰ ਮੁੱਖ ਤੌਰ ’ਤੇ ਮੈਕਸਿਕੋ ਤੋਂ ਦਰਾਮਦ ਹੋਣ ਵਾਲੇ ਟਮਾਟਰ ’ਤੇ ਹੁਣ ਵੀ 17 ਫੀਸਦ ਟੈਰਿਫ ਲੱਗੇਗਾ। ਸੀ ਐੱਨ ਐੱਨ ਅਨੁਸਾਰ ਇਹ ਦਰ ਜੁਲਾਈ ਤੋਂ ਲਾਗੂ ਹੈ। ਤਕਰੀਬਨ 30 ਸਾਲ ਪੁਰਾਣਾ ਵਪਾਰ ਸਮਝੌਤਾ ਖਤਮ ਹੋਣ ਮਗਰੋਂ ਤੁਰੰਤ ਬਾਅਦ ਟਮਾਟਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸੀ ਐੱਨ ਐੱਨ ਅਨੁਸਾਰ ਸ੍ਰੀ ਟਰੰਪ ਦੇ ਕਾਰਜਕਾਲ ਦੌਰਾਨ ਹੁਣ ਉਚ ਜਵਾਬੀ ਟੈਰਿਫ ਤੋਂ ਬਾਹਰ ਰੱਖੇ ਗਏ ਕਈ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਗਿਆ ਹੈ ਜੋ ਉਨ੍ਹਾਂ ਦੀਆਂ ਆਪਣੀਆਂ ਟੈਰਿਫ ਨੀਤੀਆਂ ਤੇ ਸੀਮਤ ਘਰੇਲੂ ਸਪਲਾਈ ਕਾਰਨ ਹੈ। ਕੌਫੀ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਅਮਰੀਕਾ ਨੂੰ ਸਭ ਤੋਂ ਵੱਧ ਕੌਫੀ ਬਰਾਮਦ ਕਰਨ ਵਾਲਾ ਬ੍ਰਾਜ਼ੀਲ ਅਗਸਤ ਮਹੀਨੇ ਤੋਂ 50 ਫੀਸਦ ਟੈਰਿਫ ਦੀ ਮਾਰ ਝੱਲ ਰਿਹਾ ਹੈ। ਖਪਤਕਾਰ ਮੁੱਲ ਸੂਚਕਅੰਕ ਦੇ ਅੰਕੜਿਆਂ ਅਨੁਸਾਰ ਅਮਰੀਕੀ ਖਪਤਕਾਰਾਂ ਨੇ ਇਸ ਕਾਰਨ ਕੌਫੀ ਲਈ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਫੀਸਦ ਵੱਧ ਭੁਗਤਾਨ ਕੀਤਾ ਹੈ।
