ਟਰੰਪ ਨੂੰ ਚੀਨੀ ਹਮਰੁਤਬਾ ਨਾਲ ‘ਸ਼ਾਨਦਾਰ ਸਮਝੌਤੇ’ ਦੀ ਆਸ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪੇਈਚਿੰਗ ਪ੍ਰਤੀ ‘ਵੱਡਾ ਸਤਿਕਾਰ’ ਰੱਖਦਾ ਹੈ। ਉਹ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਭਵਿੱਖ ਵਿਚ ਮਿਲਣਗੇ ਤਾਂ ਦੋਵਾਂ ਮੁਲਕਾਂ ਦਰਮਿਆਨ ਇਕ ‘ਸ਼ਾਨਦਾਰ ਸਮਝੌਤਾ’ ਸਿਰੇ ਚੜ੍ਹੇਗਾ।
ਟਰੰਪ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਉਹ ਪੇਈਚਿੰਗ ਵੱਲੋਂ ਸਮਾਰਟਫੋਨ, ਲੜਾਕੂ ਜਹਾਜ਼ਾਂ, ਇਲੈਕਟ੍ਰਿਕ ਵਾਹਨਾਂ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਦੁਰਲੱਭ ਧਰਤੀ ਉਤਪਾਦਾਂ ’ਤੇ ਬਰਾਮਦ ਕੰਟਰੋਲ ਵਧਾਉਣ ਤੋਂ ਨਾਰਾਜ਼ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮੇਜ਼ਬਾਨੀ ਕਰਦਿਆਂ ਉਪਰੋਕਤ ਟਿੱਪਣੀ ਕੀਤੀ। ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਚੀਨ ਨਾਲ ਇੱਕ ਸ਼ਾਨਦਾਰ ਸੌਦਾ ਕਰਨ ਜਾ ਰਹੇ ਹਾਂ। ਇਹ ਵਧੀਆ ਵਪਾਰਕ ਸੌਦਾ ਹੋਣ ਜਾ ਰਿਹਾ ਹੈ। ਇਹ ਦੋਵਾਂ ਦੇਸ਼ਾਂ ਤੇ ਕੁੱਲ ਆਲਮ ਲਈ ਸ਼ਾਨਦਾਰ ਹੋਵੇਗਾ।’’
ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੀ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਦਾ ਮਤਲਬ ਹੈ ਕਿ ਉਹ ‘ਬਹੁਤ ਹੀ ਨਿਰਪੱਖ ਸੌਦੇ’ ਉੱਤੇ ਕੰਮ ਕਰਨਗੇ। ਸਾਰੀਆਂ ਨਜ਼ਰਾਂ ਹੁਣ ਟਰੰਪ ਅਤੇ ਸ਼ੀ ਵਿਚਕਾਰ ਭਵਿੱਖੀ ਮੁਲਾਕਾਤ ’ਤੇ ਹਨ ਕਿਉਂਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਇਹ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਇਸ ਨਾਲ ਨਾ ਸਿਰਫ਼ ਦੋ ਮਹਾਸ਼ਕਤੀਆਂ ਦਰਮਿਆਨ ਸਬੰਧ ਖਰਾਬ ਹੋਣਗੇ ਬਲਕਿ ਆਲਮੀ ਅਰਥਚਾਰੇ ਨੂੰ ਅਸਥਿਰ ਕਰਨ ਦਾ ਜੋਖਮ ਵੀ ਵਧੇਗਾ।