ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦੇ ਦੂਤ ਵੱਲੋਂ ਪੂਤਿਨ ਨਾਲ ਮੁਲਾਕਾਤ

ਰੂਸ-ਯੂਕਰੇਨ ਸ਼ਾਂਤੀ ਵਾਰਤਾ ਲੲੀ ਅਮਰੀਕੀ ਅਲਟੀਮੇਟਮ ਖ਼ਤਮ ਹੋਣ ਤੋਂ ਪਹਿਲਾਂ ਹੋੲੀ ਮੀਟਿੰਗ; ਰੂਸ ਵੱਲੋਂ ਗੱਲਬਾਤ ਉਸਾਰੂ ਤੇ ਲਾਹੇਵੰਦ ਰਹਿਣ ਦਾ ਦਾਅਵਾ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕ੍ਰੈਮਲਿਨ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇਥੇ ਮੁਲਾਕਾਤ ਕੀਤੀ। ਇਹ ਮੀਟਿੰਗ ਵ੍ਹਾਈਟ ਹਾਊਸ ਵੱਲੋਂ ਰੂਸ ਨੂੰ ਯੂਕਰੇਨ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਦਿੱਤੀ ਗਈ ਸਮਾਂ-ਸੀਮਾ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਾਂਤੀ ਸਮਝੌਤਾ ਨਾ ਕਰਨ ’ਤੇ ਰੂਸ ਨੂੰ ਗੰਭੀਰ ਆਰਥਿਕ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕ ਵੀ ਪ੍ਰਭਾਵਿਤ ਹੋ ਸਕਦੇ ਹਨ। ਰੂਸ ਲਈ ਟਰੰਪ ਦੇ ਅਲਟੀਮੇਟਮ ਦੀ ਮਿਆਦ ਸ਼ੁੱਕਰਵਾਰ ਨੂੰ ਖ਼ਤਮ ਹੋ ਰਹੀ ਹੈ। ਪੂਤਿਨ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਦੱਸਿਆ ਕਿ ਪੂਤਿਨ ਅਤੇ ਵਿਟਕੌਫ ਵਿਚਾਲੇ ਲਗਪਗ ਤਿੰਨ ਘੰਟੇ ਮੀਟਿੰਗ ਚੱਲੀ। ਯੂਕਰੇਨ ਸੰਕਟ ’ਤੇ ਕੇਂਦਰਿਤ ਇਹ ਮੀਟਿੰਗ ਕਾਫੀ ਉਸਾਰੂ ਅਤੇ ਲਾਹੇਵੰਦ ਰਹੀ। ਇਸ ਦੌਰਾਨ ਵਾਸ਼ਿੰਗਟਨ ਅਤੇ ਮਾਸਕੋ ਵਿਚਾਲੇ ਸਬੰਧ ਸੁਧਾਰਨ ਦੀ ਦਿਸ਼ਾ ਵਿੱਚ ਵੀ ਗੱਲਬਾਤ ਕੀਤੀ ਗਈ। ਇਸ ਤੋਂ ਪਹਿਲਾਂ ਵਿਟਕੌਫ ਰੂਸੀ ਰਾਸ਼ਟਰਪਤੀ ਦੇ ਨਿਵੇਸ਼ ਅਤੇ ਆਰਥਿਕ ਸਹਿਯੋਗ ਬਾਰੇ ਸਫ਼ੀਰ ਕਿਰਿਲ ਦਮਿਤਰੀਏਵ ਨਾਲ ਸਵੇਰੇ ਘੁੰਮਦੇ ਨਜ਼ਰ ਆਏ। ਦਮਿਤਰੀਏਵ ਨੇ ਰੂਸ ਅਤੇ ਯੂਕਰੇਨ ਦੇ ਵਫ਼ਦਾਂ ਵਿਚਾਲੇ ਇਸਤਾਂਬੁਲ ’ਚ ਹੋਈ ਤਿੰਨ ਗੇੜ ਦੀ ਵਾਰਤਾ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਉਧਰ ਟਰੰਪ ਨੇ ਰੂਸ ਵੱਲੋਂ ਯੂਕਰੇਨ ਦੇ ਸ਼ਹਿਰੀ ਇਲਾਕਿਆਂ ’ਤੇ ਹਮਲੇ ਤੇਜ਼ ਕਰਨ ’ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਰੂਸੀ ਫੌਜ ਨੇ ਬੀਤੀ ਰਾਤ ਯੂਕਰੇਨ ਦੇ ਜ਼ਾਪੋਰਿਜ਼ੀਆ ਖ਼ਿੱਤੇ ’ਚ ਇਕ ਥਾਂ ’ਤੇ ਹਮਲਾ ਕੀਤਾ ਜਿਸ ’ਚ ਦੋ ਵਿਅਕਤੀ ਹਲਾਕ ਅਤੇ 12 ਹੋਰ ਜ਼ਖ਼ਮੀ ਹੋ ਗਏ। ਰੂਸੀ ਫੌਜ ਨੇ ਇਲਾਕੇ ’ਚ ਚਾਰ ਵਾਰ ਹਮਲੇ ਕੀਤੇ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ‘ਟੈਲੀਗ੍ਰਾਮ’ ’ਤੇ ਇਕ ਪੋਸਟ ’ਚ ਕਿਹਾ, ‘‘ਇਸ ਹਮਲੇ ਦੀ ਕੋਈ ਤੁੱਕ ਨਹੀਂ ਸੀ ਅਤੇ ਇਹ ਸਿਰਫ਼ ਡਰਾਉਣ-ਧਮਕਾਉਣ ਲਈ ਜ਼ੁਲਮ ਸੀ।’’

ਰੂਸ ਖ਼ਿਲਾਫ਼ ਪਾਬੰਦੀਆਂ ਬਾਰੇ ਐਲਾਨ ਜਲਦੀ: ਰੂਬੀਓ

Advertisement

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਰੂਸ ਖ਼ਿਲਾਫ਼ ਸੰਭਾਵੀ ਪਾਬੰਦੀਆਂ ਇਸ ਹਫਤੇ ਵੀ ਜਾਰੀ ਰਹਿਣਗੀਆਂ ਜਾਂ ਨਹੀਂ, ਇਸ ਬਾਰੇ ਉਹ ਬਾਅਦ ਵਿੱਚ ਐਲਾਨ ਕਰਨਗੇ। ਰੂਬੀਓ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਦੌਰੇ ਤੋਂ ਵਾਪਸ ਆ ਰਹੇ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨਾਲ ਗੱਲਬਾਤ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰੂਸ ’ਤੇ ਪਾਬੰਦੀਆਂ ਇਸ ਹਫ਼ਤੇ ਵੀ ਜਾਰੀ ਰਹਿਣਗੀਆਂ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਪਾਬੰਦੀਆਂ ਜਾਰੀ ਰਹਿ ਵੀ ਸਕਦੀਆਂ ਹਨ, ਨਹੀਂ ਵੀ।’ -ਰਾਇਟਰਜ਼

Advertisement