ਟਰੰਪ ਨੇ ਭਾਰਤ-ਪਾਕਿ ਜਿਹੇ ਮੁਸ਼ਕਲ ਸ਼ਾਂਤੀ ਸਮਝੌਤੇ ਕਰਵਾਏ: ਰੂਬੀਓ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਜਿਹੇ ਮੁਸ਼ਕਲ ਸ਼ਾਂਤੀ ਸਮਝੌਤਿਆਂ ਸਮੇਤ ਕਈ ਸਮਝੌਤੇ ਕਰਵਾਏ ਹਨ ਅਤੇ ਉਹ ਦੇਸ਼ ਦੀ ਵਿਦੇਸ਼ ਨੀਤੀ ਨੂੰ ਨਵਾਂ ਰੂਪ ਦੇਣ ਲਈ ਖਾਸ ਸਿਹਰੇ ਦੇ ਹੱਕਦਾਰ ਹਨ।
ਸ੍ਰੀ ਰੂਬੀਓ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਿਹਾ, ‘‘ਕਈ ਦਹਾਕਿਆਂ ’ਚ ਪਹਿਲੀ ਵਾਰ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ ਅਤੇ ਵਧੇਰੇ ਖੁਸ਼ਹਾਲ ਬਣਾਉਣ ਦੀ ਸੋਚ ਨਾਲ ਵਿਦੇਸ਼ ਨੀਤੀ ’ਤੇ ਕੰਮ ਹੋਇਆ ਹੈ। ਬਾਕੀ ਸਾਰੇ ਸ਼ਾਂਤੀ ਸਮਝੌਤਿਆਂ ਦਾ ਕੋਈ ਜ਼ਿਕਰ ਨਹੀਂ ਕਰਾਂਗਾ ਪਰ ਭਾਰਤ ਅਤੇ ਪਾਕਿਸਤਾਨ ਜਾਂ ਕੰਬੋਡੀਆ ਤੇ ਥਾਈਲੈਂਡ ਜਿਹੇ ਬਹੁਤ ਹੀ ਮੁਸ਼ਕਲ ਸਮਝੌਤਿਆਂ ਦਾ ਜ਼ਿਕਰ ਜ਼ਰੂਰੀ ਹੈ ਜਿਸ ਦਾ ਸਿਹਰਾ ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ ਹੈ।’’ ਇਸ ਤੋਂ ਪਹਿਲਾਂ ਸ੍ਰੀ ਟਰੰਪ ਨੇ ਮੀਟਿੰਗ ਦੌਰਾਨ ਦੁਹਰਾਇਆ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਜੰਗ ਸਮੇਤ ਵੱਖ-ਵੱਖ ਆਲਮੀ ਮਸਲੇ ਹੱਲ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ 8-9 ਮਹੀਨਿਆਂ ਦੇ ਕਾਰਜਕਾਲ ਦੌਰਾਨ ਅੱਠ ਜੰਗਾਂ ਰੁਕਵਾਈਆਂ ਅਤੇ ਹਰੇਕ ਲਈ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਹੁਣ ਉਹ ਇਕ ਹੋਰ ਜੰਗ ਰੁਕਵਾ ਰਹੇ ਹਨ। ਉਨ੍ਹਾਂ ਦਾ ਸਿੱਧਾ ਇਸ਼ਾਰਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵੱਲ ਸੀ ਜਿਸ ਲਈ ਉਨ੍ਹਾਂ ਸ਼ਾਂਤੀ ਸਮਝੌਤਾ ਪੇਸ਼ ਕੀਤਾ ਹੈ।
ਮੋਦੀ-ਟਰੰਪ ਗਲੇ ਮਿਲਣ ਵਾਲੀ ਕੂਟਨੀਤੀ ਠੰਢੇ ਬਸਤੇ ’ਚ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦੇ ਅਮਰੀਕਾ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਦਾਅਵਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਹੁਣ ਇਸ ’ਚ ਕੋਈ ਹੈਰਾਨੀ ਨਹੀਂ ਹੈ ਕਿ ਉਨ੍ਹਾਂ ਦੇ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਗਲੇ ਮਿਲਣ ਵਾਲੀ ਕੂਟਨੀਤੀ ਠੰਢੇ ਬਸਤੇ ’ਚ ਪੈ ਚੁੱਕੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਟਰੰਪ ਨੇ 61 ਵਾਰ ਜੰਗ ਰੋਕਣ ਦਾ ਦਾਅਵਾ ਕੀਤਾ ਹੈ ਅਤੇ ਹੁਣ ਮਾਰਕੋ ਰੂਬੀਓ ਵੀ ਇਸ ਦਾ ਸਿਹਰਾ ਟਰੰਪ ਦੇ ਸਿਰ ’ਤੇ ਬੰਨ੍ਹ ਰਹੇ ਹਨ ਪਰ ਭਾਰਤ ਸਰਕਾਰ ਖਾਮੋਸ਼ ਹੈ। -ਪੀਟੀਆਈ
ਟਰੰਪ ਪ੍ਰਸ਼ਾਸਨ ਨੇ 19 ਮੁਲਕਾਂ ਦੇ ਪਰਵਾਸੀਆਂ ਦੀਆਂ ਅਰਜ਼ੀਆਂ ਰੋਕੀਆਂ
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ 19 ਮੁਲਕਾਂ ਦੇ ਲੋਕਾਂ ਲਈ ਗਰੀਨ ਕਾਰਡ ਅਤੇ ਇਮੀਗਰੇਸ਼ਨ ਨਾਲ ਸਬੰਧਤ ਸਾਰੀਆਂ ਅਰਜ਼ੀਆਂ ’ਤੇ ਰੋਕ ਲਗਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਦੋ ਸੁਰੱਖਿਆ ਕਰਮੀਆਂ ’ਤੇ ਗੋਲੀਆਂ ਚਲਾਉਣ ਦੀ ਘਟਨਾ ਮਗਰੋਂ ਇਮੀਗਰੇਸ਼ਨ ਨੀਤੀ ’ਚ ਵੱਡੀ ਤਬਦੀਲੀ ਤਹਿਤ ਇਹ ਫ਼ੈਸਲਾ ਕੀਤਾ ਹੈ। ਅਮਰੀਕਾ ਨੇ ਇਸ ਸਾਲ ਦੇ ਸ਼ੁਰੂ ’ਚ 19 ਮੁਲਕਾਂ ਖ਼ਿਲਾਫ਼ ਪਾਬੰਦੀ ਲਗਾਈ ਸੀ। ਪਾਬੰਦੀ ਵਾਲੇ ਮੁਲਕਾਂ ’ਚ ਅਫ਼ਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ, ਹੈਤੀ, ਇਰਾਨ, ਲਿਬੀਆ, ਸੋਮਾਲੀਆ, ਸੂਡਾਨ, ਯਮਨ ਅਤੇ ਹੋਰ ਸ਼ਾਮਲ ਹਨ। ਅਮਰੀਕਾ ’ਚ ਪਹਿਲਾਂ ਤੋਂ ਰਹਿ ਰਹੇ ਇਨ੍ਹਾਂ ਮੁਲਕਾਂ ਦੇ ਪਰਵਾਸੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਪਰ ਹੁਣ ਉਹ ਵਿਸ਼ੇਸ਼ ਨਿਗਰਾਨੀ ਹੇਠ ਰਹਿਣਗੇ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ ਨੇ ਕਿਹਾ ਕਿ ਉਹ ਬਾਇਡਨ ਪ੍ਰਸ਼ਾਸਨ ਸਮੇਂ ਮੁਲਕ ਅੰਦਰ ਦਾਖ਼ਲ ਹੋਏ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦੀ ਵੀ ਨਜ਼ਰਸਾਨੀ ਕਰਨਗੇ। ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਸੋਮਾਲੀ ਪਰਵਾਸੀ ਅਮਰੀਕਾ ’ਚ ਨਹੀਂ ਚਾਹੁੰਦੇ, ਇਸ ਲਈ ਇਹ ਲੋਕ ਆਪਣੇ ਵਤਨ ਪਰਤ ਜਾਣ। -ਏਪੀ
