ਟਰੰਪ ਅਤੇ ਪੂਤਿਨ ਵਿਚਾਲੇ ਯੂਏਈ ਵਿੱਚ ਹੋ ਸਕਦੀ ਹੈ ਮੀਟਿੰਗ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਵਿਚਾਲੇ ਅਗਲੇ ਹਫ਼ਤੇ ਯੂਏਈ ’ਚ ਮੀਟਿੰਗ ਹੋ ਸਕਦੀ ਹੈ। ਦੋਵੇਂ ਆਗੂ ਮੀਟਿੰਗ ਕਰਨ ਲਈ ਰਾਜ਼ੀ ਹੋ ਗਏ ਹਨ। ਪੂਤਿਨ ਨੇ ਕਿਹਾ ਕਿ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਮੀਟਿੰਗ ਹੋ ਸਕਦੀ ਹੈ। ਉਨ੍ਹਾਂ ਯੂਏਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਮੀਟਿੰਗ ਮਗਰੋਂ ਇਹ ਐਲਾਨ ਕੀਤਾ। ਉੱਧਰ ਪੂਤਿਨ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਯੂਰੀ ਊਸ਼ਾਕੋਵ ਨੇ ਕਿਹਾ ਕਿ ਦੋਵੇਂ ਮੁਲਕ ਇਸ ਮੀਟਿੰਗ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ। ਇਸ ਸਾਲ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਪੂਤਿਨ ਅਤੇ ਟਰੰਪ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਜਾਰੀ ਰੂਸ-ਯੂਕਰੇਨ ਜੰਗ ’ਚ ਇਹ ਇਕ ਅਹਿਮ ਪੜਾਅ ਹੋਵੇਗਾ। ਉਂਝ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਸ ਮੀਟਿੰਗ ਨਾਲ ਜੰਗ ਖ਼ਤਮ ਹੋ ਜਾਣ ਦੀ ਸੰਭਾਵਨਾ ਬਣ ਜਾਵੇਗੀ। ਉਧਰ ਇਕ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਲੋਕ ਫੌਰੀ ਸਮਝੌਤੇ ਦੇ ਪੱਖ ’ਚ ਹਨ ਤਾਂ ਜੋ ਜੰਗ ਖ਼ਤਮ ਹੋ ਸਕੇ। ਜੁਲਾਈ ਦੇ ਸ਼ੁਰੂ ’ਚ ਹੋਏ ਨਵੇਂ ਸਰਵੇਖਣ ’ਚ 10 ’ਚੋਂ 7 ਯੂਕਰੇਨੀਆਂ ਨੇ ਕਿਹਾ ਕਿ ਵਾਰਤਾ ਛੇਤੀ ਤੋਂ ਛੇਤੀ ਸ਼ੁਰੂ ਹੋਣੀ ਚਾਹੀਦੀ ਹੈ।