ਬ੍ਰਿਸਬੇਨ ਵਿੱਚ ਤਿਰੰਗੇ ਨਾਲ ਦਿੱਤਾ ਏਕਤਾ ਤੇ ਵਿਕਾਸ ਦਾ ਸੁਨੇਹਾ
ਬ੍ਰਿਸਬੇਨ ਦੇ ਪ੍ਰਸਿੱਧ ਸਾਊਥ ਬੈਂਕ ਸਥਿਤ ‘ਬ੍ਰਿਸਬੇਨ ਸਾਈਨ’ ਕੋਲ ਭਾਰਤੀ ਭਾਈਚਾਰੇ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ‘ਵਿਕਸਤ ਭਾਰਤ ਦੌੜ 2025’ ਕਰਵਾਈ। ਭਾਰਤ ਦੇ ਵਿਕਸਤ ਭਵਿੱਖ ਦੇ ਸੁਪਨੇ ਨੂੰ ਸਮਰਪਿਤ ਇਹ ਦੌੜ ਸਵੇਰੇ ਸਾਢੇ 7 ਵਜੇ ਸ਼ੁਰੂ ਹੋਈ ਅਤੇ ਕੰਗਾਰੂ ਪੁਆਇੰਟ ’ਤੇ ਜਾ ਕੇ ਖ਼ਤਮ ਹੋਈ। ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ‘ਵਿਕਸਤ ਭਾਰਤ 2047’ ਮੁਹਿੰਮ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਭਾਰਤ ਅਗਲੇ ਦੋ ਦਹਾਕਿਆਂ ਵਿੱਚ ਵਿਕਸਤ ਰਾਸ਼ਟਰ ਵਜੋਂ ਵਿਸ਼ਵ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਸਥਾਪਤ ਕਰੇਗਾ। ਦੌੜ ਦੌਰਾਨ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ‘ਏਕਤਾ, ਤੰਦਰੁਸਤੀ ਅਤੇ ਵਿਕਾਸ’ ਦੇ ਨਾਅਰਿਆਂ ਨਾਲ ਲੋਕਾਂ ’ਚ ਦੇਸ਼ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਉਤਸ਼ਾਹ ਨਾਲ ਦੌੜ ’ਚ ਹਿੱਸਾ ਲਿਆ ਅਤੇ ਭਾਰਤੀ ਸੱਭਿਆਚਾਰ ਤੇ ਰਾਸ਼ਟਰੀ ਗੌਰਵ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਪੰਜਾਬੀ ਭਾਈਚਾਰੇ ਦੀ ਸਰਗਰਮ ਸ਼ਮੂਲੀਅਤ ਨੇ ਇਸ ਮੌਕੇ ਨੂੰ ਹੋਰ ਵੀ ਯਾਦਗਾਰ ਬਣਾਇਆ ਜਦਕਿ ਸਥਾਨਕ ਆਸਟਰੇਲਿਆਈ ਨਾਗਰਿਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਭਾਰਤੀ ਭਾਈਚਾਰੇ ਨਾਲ ਆਪਣੀ ਏਕਤਾ ਜਤਾਈ। ਕਮਿਊਨਿਟੀ ਲੀਡਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਿਰਫ਼ ਇੱਕ ਦੌੜ ਨਹੀਂ ਸਗੋਂ ‘ਨਵੇਂ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਸਾਂਝੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ।