ਨਾਗਾਸਾਕੀ ’ਚ ਪਰਮਾਣੂ ਹਮਲੇ ਦੀ 80ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
ਜਪਾਨ ਦੇ ਨਾਗਾਸਾਕੀ ’ਚ ਅਮਰੀਕਾ ਵੱਲੋਂ ਕੀਤੇ ਪਰਮਾਣੂ ਬੰਬ ਹਮਲੇ ਦੀ 80ਵੀਂ ਬਰਸੀ ਮੌਕੇ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਹਮਲੇ ’ਚ ਜਿਊਂਦੇ ਬਚੇ ਲੋਕ ਇਸ ਦਿਸ਼ਾ ’ਚ ਕੰਮ ਕਰ ਰਹੇ ਹਨ ਕਿ ਦੁਨੀਆ ’ਚ ਕਿਸੇ ਵੀ ਹਿੱਸੇ ਨੂੰ ਅਜਿਹੇ ਹਮਲੇ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਖ਼ਮਾਂ, ਪੱਖਪਾਤ ਤੇ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਦੁੱਖ ਦੇ ਬਾਵਜੂਦ ਹਮਲੇ ਤੋਂ ਬਚੇ ਲੋਕਾਂ ਨੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਸਾਂਝੇ ਟੀਚੇ ਲਈ ਜਨਤਕ ਤੌਰ ’ਤੇ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਨ੍ਹਾਂ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਅੱਜ ਜਿੱਥੇ ਇੱਕ ਪਾਸੇ ਇਸ ਹਮਲੇ ਦੀ ਬਰਸੀ ਮਨਾਈ ਜਾ ਰਹੀ ਹੈ ਉੱਥੇ ਦੂਜੇ ਪਾਸੇ ਦੁਨੀਆ ਪੁੱਠੇ ਪਾਸੇ ਜਾ ਰਹੀ ਹੈ।
ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਸਣੇ ਕਈ ਸਿਆਸੀ ਆਗੂਆਂ ਨੇ ਵੀ ਪਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਮਰੀਕਾ ਨੇ ਨੌਂ ਅਗਸਤ 1945 ਨੂੰ ਨਾਗਾਸਾਕੀ ’ਤੇ ਪਰਮਾਣੂ ਬੰਬ ਸੁੱਟਿਆ ਸੀ ਜਿਸ ’ਚ ਤਕਰੀਬਨ 70 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਤਿੰਨ ਦਿਨ ਪਹਿਲਾਂ ਛੇ ਅਗਸਤ ਨੂੰ ਹਿਰੋਸ਼ੀਮਾ ’ਤੇ ਸੁੱਟੇ ਗਏ ਪਰਮਾਣੂ ਬੰਬ ਕਾਰਨ ਤਕਰੀਬਨ 1.40 ਲੱਖ ਲੋਕ ਮਾਰੇ ਗਏ ਸਨ। ਨਾਗਾਸਾਕੀ ’ਤੇ ਹਮਲੇ ਤੋਂ ਛੇ ਦਿਨ ਬਾਅਦ 15 ਅਗਸਤ 1945 ਨੂੰ ਜਪਾਨ ਨੇ ਆਤਮ ਸਮਰਪਣ ਕਰ ਦਿੱਤਾ ਜਿਸ ਨਾਲ ਦੂਜੀ ਸੰਸਾਰ ਜੰਗ ਖਤਮ ਹੋ ਗਈ ਸੀ। ਹਮਲੇ ’ਚ ਬਚੇ ਅਤੇ ਹੁਣ ਬਜ਼ੁਰਗ ਹੋ ਚੁੱਕੇ ਲੋਕਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਨਵੀਂ ਪੀੜ੍ਹੀ ਤੋਂ ਆਸ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਦਿਸ਼ਾ ’ਚ ਕੰਮ ਕਰ ਸਕਦੀ ਹੈ।