ਮਾਨਵਤਾ ਖ਼ਿਲਾਫ਼ ਅਪਰਾਧਾਂ ਲਈ ਹਸੀਨਾ ਖ਼ਿਲਾਫ਼ ਮੁਕੱਦਮਾ ਸ਼ੁਰੂ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ 2024 ਦੇ ਵਿਦਿਆਰਥੀ ਅੰਦੋਲਨ ਦੇ ‘ਹਿੰਸਕ ਦਮਨ’ ਨਾਲ ਸਬੰਧਤ ਮਾਨਵਤਾ ਖ਼ਿਲਾਫ਼ ਅਪਰਾਧਾਂ ਲਈ ਉਨ੍ਹਾਂ ਦੀ ਗ਼ੈਰਮੌਜੂਦਗੀ ਵਿੱਚ ਮੁਕੱਦਮਾ ਸ਼ੁਰੂ ਕੀਤਾ ਹੈ।
ਅੰਤਰਿਮ ਸਰਕਾਰ ਵੱਲੋਂ ਨਿਯੁਕਤ ਮੁੱਖ ਸਰਕਾਰੀ ਵਕੀਲ ਤਾਜੁਲ ਇਸਲਾਮ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਵਿੱਚ ਹਸੀਨਾ ਨੂੰ ਸਾਰੇ ਅਪਰਾਧਾਂ ਦਾ ਕੇਂਦਰ ਦੱਸਦਿਆਂ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ। ਇਸਤਗਾਸਾ ਪੱਖ ਨੇ ਹਸੀਨਾ ਦੇ ਦੋ ਸੀਨੀਅਰ ਸਹਿਯੋਗੀਆਂ (ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਂ ਖ਼ਾਨ ਕਮਾਲ ਅਤੇ ਪੁਲੀਸ ਦੇ ਸਾਬਕਾ ਆਈਜੀ ਚੌਧਰੀ ਅਬਦੁੱਲਾ ਅਲ ਮਾਮੂਨ) ਨੂੰ ਵੀ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਬਣਾਇਆ ਹੈ। ਹਸੀਨਾ ਅਤੇ ਕਮਾਲ ’ਤੇ ਉਨ੍ਹਾਂ ਦੀ ਗ਼ੈਰਮੌਜੂਦਗੀ ਵਿੱਚ ਮੁੱਕਦਮਾ ਚਲਾਇਆ ਜਾ ਰਿਹਾ ਹੈ, ਜਦਕਿ ਮਾਮੂਨ ਹਿਰਾਸਤ ਵਿੱਚ ਹੈ ਅਤੇ ਉਨ੍ਹਾਂ ਨੇ ਮਾਮਲੇ ਵਿੱਚ ਸਰਕਾਰੀ ਗਵਾਹ ਬਣਨ ’ਤੇ ਸਹਿਮਤੀ ਪ੍ਰਗਟਾਈ ਹੈ। ਹਸੀਨਾ ਪਿਛਲੇ ਸਾਲ 5 ਅਗਸਤ ਨੂੰ ਵਧਦੀ ਅਸ਼ਾਂਤੀ ਦੌਰਾਨ ਬੰਗਲਾਦੇਸ਼ ਤੋਂ ਭਾਰਤ ਚਲੀ ਗਈ ਸੀ। ਸਾਬਕਾ ਗ੍ਰਹਿ ਮੰਤਰੀ ਕਮਾਲ ਨੇ ਵੀ ਕਥਿਤ ਤੌਰ ’ਤੇ ਬਾਅਦ ਵਿੱਚ ਗੁਆਂਢੀ ਦੇਸ਼ ਵਿੱਚ ਸ਼ਰਨ ਲਈ ਸੀ।