ਕੈਨੇਡਾ ਨਾਲ ਵਪਾਰ ਵਾਰਤਾ ਖ਼ਤਮ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਵਪਾਰ ਸਬੰਧੀ ਸਾਰੀ ਵਾਰਤਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਟੈਲੀਵਿਜ਼ਨ ’ਤੇ ਪ੍ਰਸਾਰਿਤ ਇਸ਼ਤਿਹਾਰਾਂ ’ਚ ਅਮਰੀਕੀ ਟੈਰਿਫ ਦੇ ਵਿਰੋਧ ’ਤੇ ਨਾਰਾਜ਼ਗੀ ਜਤਾਈ। ਟਰੰਪ ਨੇ ਇਸ਼ਤਿਹਾਰਾਂ ਨੂੰ ਬਹੁਤ ਮਾੜਾ ਵਤੀਰਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਉਦੇਸ਼ ਅਮਰੀਕੀ ਅਦਾਲਤਾਂ ਦੇ ਫ਼ੈਸਲਿਆਂ ’ਤੇ ਅਸਰ ਪਾਉਣਾ ਹੈ। ਟਰੰਪ ਨੇ ਇਹ ਜਾਣਕਾਰੀ ਆਪਣੀ ਸੋਸ਼ਲ ਮੀਡੀਆ ਸਾਈਟ ’ਤੇ ਦਿੱਤੀ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਅਤੇ ਅਰਥਚਾਰੇ ਲਈ ਟੈਰਿਫ ਬਹੁਤ ਅਹਿਮ ਹਨ। ਟਰੰਪ ਨੇ ਪੋਸਟ ਕੀਤਾ, ‘‘ਰੋਨਾਲਡ ਰੀਗਨ ਫਾਊਂਡੇਸ਼ਨ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਧੋਖੇ ਨਾਲ ਇਸ਼ਤਿਹਾਰ ਵਰਤਿਆ ਹੈ ਜੋ ਫ਼ਰਜ਼ੀ ਹੈ ਜਿਸ ’ਚ ਰੋਨਾਲਡ ਰੀਗਨ ਟੈਰਿਫਾਂ ਨੂੰ ਗਲਤ ਦੱਸ ਰਹੇ ਹਨ। ਇਹ ਅਮਰੀਰੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਫ਼ੈਸਲਿਆਂ ’ਚ ਦਖ਼ਲ ਦੇਣ ਦੀ ਕੋਸ਼ਿਸ਼ ਹੈ।’’ ਇਸ ਤੋਂ ਪਹਿਲਾਂ ਫਾਊਂਡੇਸ਼ਨ ਨੇ ‘ਐਕਸ’ ’ਤੇ ਕਿਹਾ ਸੀ ਕਿ ਓਂਟਾਰੀਓ ਸਰਕਾਰ ਨੇ 25 ਅਪਰੈਲ 1987 ਨੂੰ ਤਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਵੱਲੋਂ ਮੁਕਤ ਅਤੇ ਨਿਰਪੱਖ ਵਪਾਰ ਬਾਰੇ ਰੇਡੀਓ ’ਤੇ ਦਿੱਤੇ ਗਏ ਸੁਨੇਹੇ ਨੂੰ ਇਸ਼ਤਿਹਾਰ ਰਾਹੀਂ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਟਰੰਪ ਨੇ ਪੋਸਟ ਉਸ ਸਮੇਂ ਨਸ਼ਰ ਕੀਤੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਾਂ ਨਾਲ ਪੈਦਾ ਹੋਏ ਖ਼ਤਰਿਆਂ ਕਾਰਨ ਉਨ੍ਹਾਂ ਦਾ ਟੀਚਾ ਹੋਰ ਮੁਲਕਾਂ ਨਾਲ ਬਰਾਮਦਗੀ ਦੁੱਗਣੀ ਕਰਨ ਦਾ ਹੈ। ਟਰੰਪ ਦੇ ਐਲਾਨ ਨਾਲ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਤਣਾਅ ਹੋਰ ਵਧਣ ਦਾ ਖਦਸ਼ਾ ਹੈ।
