ਰੂਸ ’ਚ ਯੂਕਰੇਨੀ ਡਰੋਨ ਹਮਲਿਆਂ ਕਾਰਨ ਤਿੰਨ ਮੌਤਾਂ
ਯੂਕਰੇਨ ਵੱਲੋਂ ਰੂਸ ’ਤੇ ਕੀਤੇ ਡਰੋਨ ਹਮਲਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਦੀ ਹਵਾਈ ਫੌਜ ਨੇ ਰੂਸ ਦੇ ਅੱਠ ਖੇਤਰਾਂ ਅਤੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ 112 ਡਰੋਨ ਮਾਰ ਡੇਗੇ। ਕਾਰਜਕਾਰੀ ਗਵਰਨਰ ਯੂਰੀ ਸਲਿਊਸਰ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੋਸਤੋਵ ਖੇਤਰ ਵਿੱਚ ਡਰੋਨ ਹਮਲੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ।
ਖੇਤਰੀ ਗਵਰਨਰ ਓਲੇਗ ਮੈਲਨੀਚੈਂਕੋ ਮੁਤਾਬਕ, ਪੈਨਜ਼ਾ ਖੇਤਰ ਵਿੱਚ ਵਪਾਰਕ ਕੰਪਲੈਕਸ ’ਤੇ ਡਰੋਨ ਹਮਲੇ ਵਿੱਚ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਵਿਆਚੈਸਲਾਵ ਫੈਦੋਰਿਸ਼ਚੇਵ ਨੇ ਦੱਸਿਆ ਕਿ ਸਮਾਰਾ ਖੇਤਰ ਵਿੱਚ ਇਕ ਡਰੋਨ ਇਕ ਇਮਾਰਤ ’ਤੇ ਡਿੱਗਿਆ, ਜਿਸ ਨਾਲ ਉਸ ਵਿੱਚ ਅੱਗ ਲੱਗ ਗਈ ਅਤੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਯੂਕਰੇਨ ਦੀ ਹਵਾਈ ਫੌਜ ਮੁਤਾਬਕ, ਰੂਸ ਨੇ ਸ਼ਨਿਚਰਵਾਰ ਰਾਤ ਨੂੰ ਯੂਕਰੇਨ ’ਤੇ 53 ਡਰੋਨ ਹਮਲੇ ਕੀਤੇ ਅਤੇ ਹਵਾਈ ਰੱਖਿਆ ਪ੍ਰਣਾਲੀ ਨੇ 45 ਡਰੋਨ ਮਾਰ ਡੇਗੇ। ਗਵਰਨਰ ਓਲੇਹ ਸਿਨੀਹੁਬੋਵ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਖਾਰਕਿਵ ਖੇਤਰ ਵਿੱਚ ਰਾਤ ਭਰ ਹੋਏ ਡਰੋਨ ਹਮਲਿਆਂ ਵਿੱਚ 11 ਵਿਅਕਤੀ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਗ ਦਾ ਦਿਨ ਮਨਾਇਆ ਗਿਆ, ਜਦੋਂ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਵਿੱਚ 31 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਪੰਜ ਬੱਚੇ ਵੀ ਸ਼ਾਮਲ ਸਨ, ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਡਰੋਨ ਹਮਲੇ ਜਾਰੀ ਰਹੇ। ਇਹ ਲਗਾਤਾਰ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸ਼ਾਂਤੀ ਯਤਨਾਂ ਲਈ 8 ਅਗਸਤ ਦੀ ਛੋਟੀ ਸਮਾਂ-ਸੀਮਾ ਦਿੱਤੇ ਜਾਣ ਤੋਂ ਬਾਅਦ ਹੋਏ ਹਨ।