ਆਸਟਰੇਲੀਆ ’ਚ ਨਸਲੀ ਵਿਤਕਰੇ ਲਈ ਥਾਂ ਨਹੀਂ: ਹਿੱਲ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਨਸਲੀ ਟਿੱਪਣੀਆਂ ਦਾ ਨੋਟਿਸ ਲੈਂਦਿਆਂ ਆਸਟਰੇਲੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਕਿ ਮੁਲਕ ਵਿੱਚ ਸੈਲਾਨੀਆਂ ਤੇ ਵਿਦੇਸ਼ੀ ਕਲਾਕਾਰਾਂ ਵਿਰੁੱਧ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਗਾਇਕ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੇ ਜਾਣ ’ਤੇ ਅਫਸੋਸ ਜ਼ਾਹਿਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਦਿਲਜੀਤ ਦਾ ਆਸਟਰੇਲੀਆ ਵਿੱਚ ਸਵਾਗਤ ਕਰਦੇ ਹਨ। ਮੰਤਰੀ ਨੇ ਸਵੀਕਾਰ ਕੀਤਾ ਕਿ ਜਦੋਂ ਅਜਿਹੀਆਂ ਘਟਨਾਵਾਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਜਦੋਂ ਆਪਣੇ ਗਾਇਕੀ ਦੇ ਟੂਰ ‘ਔਰਾ-2025’ ਤਹਿਤ ਆਸਟਰੇਲੀਆ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਵਿਰੁੱਧ ਨਸਲੀ ਟਿੱਪਣੀਆਂ ਕਰਦੇ ਹੋਏ ਸ਼ੋਸ਼ਲ ਮੀਡੀਆ ’ਤੇ ‘ਉਬਰ ਡਰਾਈਵਰ ਆ ਗਿਆ’ (ਟਰੱਕ ਡਰਾਈਵਰ ਇੱਥੇ ਹੈ), ਜਾਂ ‘7/11 ਦਾ ਨਵਾਂ ਕਰਮਚਾਰੀ ਉਤਰ ਗਿਆ ਹੈ’ ਆਦਿ ਟਿੱਪਣੀਆਂ ਲਿਖੀਆਂ। ਦਿਲਜੀਤ ਨੇ ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ, ‘‘ਕੈਬ ਜਾਂ ਟਰੱਕ ਡਰਾਈਵਰ ਨਾਲ ਤੁਲਨਾ ਕੀਤੇ ਜਾਣ ’ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਟਰੱਕ ਡਰਾਈਵਰ ਖਤਮ ਹੋ ਜਾਂਦੇ ਹਨ ਤਾਂ ਤੁਹਾਨੂੰ ਆਪਣੇ ਘਰ ਲਈ ਰੋਟੀ ਨਹੀਂ ਮਿਲੇਗੀ ਅਤੇ ਮੇਰਾ ਪਿਆਰ ਸਾਰਿਆਂ ਲਈ ਹੈ।’’
ਦਿਲਜੀਤ 5 ਨੂੰ ਐਡੀਲੇਡ ਤੇ 9 ਨੂੰ ਪਰਥ ’ਚ ਕਰੇਗਾ ਸ਼ੋਅ
ਗਾਇਕ ਦਿਲਜੀਤ ਦੋਸਾਂਝ ਆਪਣੇ ਗਾਇਕੀ ਔਰਾ ਟੂਰ-2025 ਦੀ ਲੜੀ ਤਹਿਤ ਸਿਡਨੀ, ਬ੍ਰਿਸਬੇਨ, ਮੈਲਬਰਨ ’ਚ ਲਾਈਵ ਸ਼ੋਅ ਮਗਰੋਂ 5 ਨਵੰਬਰ ਨੂੰ ਦੱਖਣ ਦੇਸ਼ ਦੀ ਰਾਜਧਾਨੀ ਐਡੀਲੇਡ ਅਤੇ 9 ਨਵੰਬਰ ਨੂੰ ਪੱਛਮੀ ਆਸਟਰੇਲੀਆ ਦੀ ਰਾਜਧਾਨੀ ਪਰਥ ’ਚ ਸ਼ੋਅ ਕਰੇਗਾ।
