ਆਸਟਰੇਲੀਆ ’ਚ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ
ਦੁਨੀਆ ਵਿੱਚ ਸਭ ਤੋਂ ਵੱਡੇ ਆਕਾਰ ਦਾ ਟਰੈਕਟਰ, ਜਿਸ ਨੂੰ ਖੇਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ, ਆਸਟਰੇਲੀਆ ਵਿੱਚ ਸਥਿਤ ਹੈ। ਇਹ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਉੱਤਰ ਵਿੱਚ ਇੱਥੋਂ ਦੇ ਪੇਂਡੂ ਖੇਤਰ ’ਚ ਕਾਰਨਾਮਾਹ ਟਾਊਨ ਵਿੱਚ ਮੌਜੂਦ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਵੱਡੇ ਆਕਾਰ ਦੇ ਟਰੈਕਟਰ ਦੀ ਦਿੱਖ ਦਿਲ ਨੂੰ ਮੋਹ ਲੈਣ ਵਾਲੀ ਹੈ। ਹਰੇਕ ਨੂੰ ਇਸ ਟਰੈਕਟਰ ਦੀ ਪ੍ਰਭਾਵਸ਼ਾਲੀ ਦਿੱਖ ਆਪਣੇ ਵੱਲ ਖਿੱਚਦੀ ਹੈ। ਇਸ ਟਰੈਕਟਰ ਦੀ ਗੱਦੀ ਉੱਤੇ ਬੈਠਣ ਲਈ ਇਸ ਦੇ ਨਾਲ ਲੱਗੀ ਪੌੜੀ ਦੀ ਵਰਤੋਂ ਕਰਨੀ ਪੈਂਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੱਡੇ ਆਕਾਰ ਦਾ ਇਹ ਟਰੈਕਟਰ ਉਨ੍ਹਾਂ ਦੇ ਪਿੰਡ ਦੀ ਸ਼ਾਨ ਹੈ। ਇਸ ਦੀ ਮਨਮੋਹਕ ਦਿੱਖ ਕਾਰਨ ਪਿੰਡ ਵਿੱਚ ਸੈਰ-ਸਪਾਟਾ ਲਗਾਤਾਰ ਵਧ ਰਿਹਾ ਹੈ।
ਇਹ ਟਰੈਕਟਰ 11.5 ਮੀਟਰ ਉੱਚਾ, 16 ਮੀਟਰ ਲੰਮਾ ਤੇ 42 ਟਨ ਭਾਰਾ ਹੈ, ਜੋ ਅਸਲ ਟਰੈਕਟਰ ਨਾਲੋਂ ਪੰਜ ਗੁਣਾ ਵੱਡਾ ਹੈ। ਇਸ ਦੇ ਨਿਰਮਾਣ ਤੇ ਕਰੀਬ ਇੱਕ ਵਰ੍ਹਾ ਲੱਗਿਆ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਟਰੈਕਟਰ ਅਮਰੀਕਾ ’ਚ ‘ਬਿੱਗ ਬਡ 747’ ਸੀ; ਪਿਛਲੇ ਸਾਲ ਆਸਟਰੇਲੀਆ ਦੇ ਇਸ ਵੱਡੇ ਟਰੈਕਟਰ ਦੇ ਨਿਰਮਾਣ ਮਗਰੋਂ ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਬਣ ਗਿਆ ਹੈ। ਇਸ ਦਾ ਨਿਰਮਾਣ ਸਥਾਨਕ ਭਾਈਚਾਰੇ ਦੀ ਦਾਨ ਕੀਤੀ ਰਕਮ ਨਾਲ ਹੋਇਆ ਹੈ। ਇਹ ਖੇਤੀਬਾੜੀ ਉਪਕਰਨਾਂ ਦੇ ਨਿਰਮਾਣ ਵਿੱਚ ਪੱਛਮੀ ਆਸਟਰੇਲੀਆ ਦੇ ਇਤਿਹਾਸਕ ਯੋਗਦਾਨ ਨੂੰ ਦਰਸਾਉਂਦਾ ਹੈ। ਬਿਗ ਟਰੈਕਟਰ ਕਮੇਟੀ ਦੇ ਚੇਅਰਮੈਨ ਬ੍ਰੈਂਡਨ ਹੇਅਸਲਰ ਦਾ ਕਹਿਣਾ ਹੈ ਕਿ ਟਰੈਕਟਰ ਖੇਤਾਂ ਦਾ ਰਾਜਾ ਹੈ, ਕਿਸਾਨ ਦਾ ਪੁੱਤ ਹੈ।