ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨੀਪੁਰ ’ਚ ਦੋ ਔਰਤਾਂ ’ਤੇ ਹਮਲੇ ਦਾ ਵੀਡੀਓ ਖ਼ੌਫ਼ਨਾਕ: ਅਮਰੀਕਾ

ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰਾਲੇ ਦੇ ਉਪ ਤਰਜਮਾਨ ਨੇ ਦਿੱਤਾ ਜਵਾਬ
Advertisement

ਵਾਸ਼ਿੰਗਟਨ, 26 ਜੁਲਾਈ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਅਧਿਕਾਰੀ ਨੇ ਮਨੀਪੁਰ ’ਚ ਦੋ ਔਰਤਾਂ ’ਤੇ ਹਮਲੇ ਦੇ ਵੀਡੀਓ ਨੂੰ ‘ਖ਼ੌਫ਼ਨਾਕ ਅਤੇ ਪ੍ਰੇਸ਼ਾਨ’ ਕਰਨ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਨਸਾਫ਼ ਦਿਵਾਉਣ ਲਈ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ। ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਦੋ ਔਰਤਾਂ ਨੂੰ ਭੀੜ ਵੱਲੋਂ ਨਗਨ ਘੁਮਾਏ ਜਾਣ ਦਾ ਵੀਡੀਓ 19 ਜੁਲਾਈ ਨੂੰ ਸਾਹਮਣੇ ਆਇਆ ਸੀ ਜਿਸ ਦੀ ਪੂਰੇ ਮੁਲਕ ’ਚ ਨਿੰਦਾ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਦੌਰਾਨ ਕਿਹਾ,‘‘ਅਸੀਂ ਮਨੀਪੁਰ ’ਚ ਦੋ ਔਰਤਾਂ ’ਤੇ ਹਮਲੇ ਦੇ ਵੀਡੀਓ ਤੋਂ ਹੈਰਾਨ ਹਾਂ ਅਤੇ ਇਹ ਵੀਡੀਓ ਪ੍ਰੇਸ਼ਾਨ ਕਰਨ ਵਾਲਾ ਹੈ। ਅਸੀਂ ਲਿੰਗ ਆਧਾਰਿਤ ਹਿੰਸਾ ਦੀਆਂ ਸ਼ਿਕਾਰ ਔਰਤਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀਆਂ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਹਾਂ।’’ ਮਨੀਪੁਰ ’ਚ ਜਾਰੀ ਹਿੰਸਾ ਨੂੰ ਲੈ ਕੇ ਪਾਕਿਸਤਾਨ ਦੇ ਇਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਗੱਲ ਆਖੀ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਹਾ ਹੈ ਕਿ ਔਰਤਾਂ ਖ਼ਿਲਾਫ਼ ਅਜਿਹੀ ਹਿੰਸਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਦੀ ਗੱਲ ਹੈ। ਪਟੇਲ ਨੇ ਕਿਹਾ,‘‘ਅਸੀਂ ਜਿਵੇਂ ਪਹਿਲਾਂ ਕਿਹਾ ਹੈ, ਅਮਰੀਕਾ ਮਨੀਪੁਰ ’ਚ ਹਿੰਸਾ ਦੇ ਸ਼ਾਂਤੀਪੂਰਨ ਅਤੇ ਸਾਰਿਆਂ ਨੂੰ ਪ੍ਰਵਾਨਿਤ ਹੱਲ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅਧਿਕਾਰੀਆਂ ਨੂੰ ਮਾਨਵੀ ਲੋੜਾਂ ਪੂਰਾ ਕਰਨ ਲਈ ਕੰਮ ਕਰਨ ਅਤੇ ਸਾਰੇ ਗਰੁੱਪਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੱਲਾਸ਼ੇਰੀ ਦਿੰਦਾ ਹੈ।’’ ਉਧਰ ਅਮਰੀਕਾ ’ਚ ਮਨੀਪੁਰੀ ਭਾਈਚਾਰੇ ਨੇ ਸੂਬੇ ’ਚ ਫੌਰੀ ਹਿੰਸਾ ਰੋਕਣ ਦੀ ਮੰਗ ਕਰਦਿਆਂ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਕਿਹਾ ਹੈ। ਨੌਰਥ ਮਨੀਪੁਰ ਟ੍ਰਾਈਬਲ ਐਸੋਸੀਏਸ਼ਨ ਦੀ ਪ੍ਰਧਾਨ ਫਲੋਰੈਂਸ ਲੋਵੇ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਕਿਹਾ ਕਿ ਉਹ ਇਸ ਮੁੱਦੇ ’ਤੇ ਗੱਲ ਕਰਕੇ ਥੱਕ ਚੁੱਕੀ ਹੈ। ‘ਅਸੀਂ ਇਕ ਦੁਨੀਆ ਅਤੇ ਮਨੁੱਖ ਹੋਣ ਦੇ ਨਾਤੇ ਅਜਿਹਾ ਕਿਵੇਂ ਹੋਣ ਦਿੱਤਾ। ਭਾਰਤ ’ਚ ਇਸ ਦਾ ਬਹੁਤ ਹੀ ਸੁਖਾਲਾ ਹੱਲ ਹੈ ਯਾਨੀ ਮਨੀਪੁਰ ’ਚ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਸਰਕਾਰ ਨੇ ਕੁਝ ਕਾਰਨਾਂ ਤਹਿਤ ਅਜਿਹਾ ਕੁਝ ਨਾ ਕਰਨ ਅਤੇ ਕੁਝ ਨਾ ਆਖਣ ਦਾ ਫ਼ੈਸਲਾ ਲਿਆ ਹੈ।’ ਫਲੋਰੈਂਸ ਉੱਤਰ ਪ੍ਰਦੇਸ਼ ਕਾਡਰ ਦੇ ਸਾਬਕਾ ਆਈਪੀਐੱਸ ਅਸਫ਼ਰ ਦੀ ਧੀ ਹੈ। ਲੋਵੇ ਨੇ ਕਿਹਾ ਕਿ ਮਨੀਪੁਰ ’ਚ ਅੱਗਾਂ ਲਗਾਏ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਉਹ ਅਮਰੀਕਾ ’ਚ ਰਹਿੰਦਿਆਂ ਸੰਸਦ ਮੈਂਬਰਾਂ, ਸੈਨੇਟਰਾਂ ਅਤੇ ਵਿਸ਼ਵ ਬੈਂਕ, ਸੰਯੁਕਤ ਰਾਸ਼ਟਰ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ

Advertisement

Advertisement
Tags :
america