ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਦੀ ਸੰਸਦ ਵੱਲੋਂ ’84 ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਦਾ ਮਤਾ ਰੱਦ

ਸੁੱਖ ਧਾਲੀਵਾਲ ਵੱਲੋਂ ਰੱਖੇ ਮਤੇ ਦਾ ਕੰਜ਼ਰਵੇਟਿਵ ਤੇ ਲਿਬਰਲ ਸੰਸਦ ਮੈਂਬਰਾਂ ਨੇ ਕੀਤਾ ਵਿਰੋਧ
ਕੈਨੇਡਿਆਈ ਸੰਸਦ ਵਿੱਚ ’84 ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਸਬੰਧੀ ਮਤੇ ’ਤੇ ਚਰਚਾ ਕਰਦੇ ਹੋਏ ਸੰਸਦ ਮੈਂਬਰ।
Advertisement

ਸੁਰਿੰਦਰ ਮਾਵੀ

ਵਿਨੀਪੈਗ, 9 ਦਸੰਬਰ

Advertisement

ਕੈਨੇਡੀਅਨ ਸੰਸਦ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨਣ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ। ਨਿਊ ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਹਾਊਸ ਆਫ਼ ਕਾਮਨਜ਼ ਦੀ ਸਥਾਈ ਕਮੇਟੀ ਅੱਗੇ ਇਹ ਮਤਾ ਰੱਖਿਆ ਸੀ। ਧਾਲੀਵਾਲ ਨੇ ਮਤਾ ਰੱਦ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਕਿਹਾ, ‘‘ਅੱਜ ਮੈਂ ਸੰਸਦ ਵਿੱਚ ਸਰਬਸੰਮਤੀ ਨਾਲ ਸਹਿਮਤੀ ਮਤਾ ਪੇਸ਼ ਕੀਤਾ ਕਿ 1984 ਦੌਰਾਨ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਵਿਰੁੱਧ ਕੀਤੇ ਅਪਰਾਧਾਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ। ਅਫ਼ਸੋਸ ਕੁਝ ਕੰਜ਼ਰਵੇਟਿਵ ਸੰਸਦ ਮੈਂਬਰਾਂ ਅਤੇ ਇਕ ਲਿਬਰਲ ਸੰਸਦ ਮੈਂਬਰ ਨੇ ਇਸ ਦਾ ਵਿਰੋਧ ਕੀਤਾ।’’

ਸੁੱਖ ਧਾਲੀਵਾਲ ਵੱਲੋਂ ਜਿਉਂ ਹੀ 1984 ਦੇ ਸਿੱਖ ਕਤਲੇਆਮ ਨੂੰ ਸਰਬਸੰਮਤੀ ਨਾਲ ਸਿੱਖ ਨਸਲਕੁਸ਼ੀ ਐਲਾਨੇ ਜਾਣ ਸਬੰਧੀ ਮਤਾ ਪੇਸ਼ ਕੀਤਾ ਗਿਆ ਤਾਂ ਹਾਊਸ ਆਫ਼ ਕਾਮਨਜ਼ ਵਿਚੋਂ ‘ਨਹੀਂ’ ਵਾਲੀਆਂ ਕਈ ਆਵਾਜ਼ਾਂ ਉੱਠੀਆਂ, ਜਿਸ ਮਗਰੋਂ ਸਪੀਕਰ ਨੇ ਮਤੇ ਨੂੰ ਸਿੱਧੇ ਤੌਰ ’ਤੇ ਰੱਦ ਮੰਨ ਲਿਆ।

ਇਸ ਦੌਰਾਨ ਐੱਮਪੀ ਚੰਦਰਾ ਆਰੀਆ ਨੇ ਹਾਊਸ ਆਫ਼ ਕਾਮਨਜ਼ ਵਿਚ ਖੜ੍ਹੇ ਹੋ ਕੇ ਦੋਸ਼ ਲਾਇਆ ਕਿ ਇਕ ਸਾਥੀ ਐੱਮਪੀ ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ। ਸਦਨ ਵਿਚ ਭਾਵੇਂ ਚੰਦਰਾ ਆਰੀਆ ਵੱਲੋਂ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਆਪਣੇ ਐਕਸ ਅਕਾਊਂਟ ’ਤੇ ਅਪਲੋਡ ਵੀਡੀਓ ਵਿਚ ਉਹ ਸੁੱਖ ਧਾਲੀਵਾਲ ਦਾ ਨਾਂ ਲੈਂਦੇ ਸੁਣੇ ਜਾ ਸਕਦੇ ਹਨ।

ਚੰਦਰਾ ਆਰੀਆ ਨੇ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੇ ਨਾਂਹ ਕਹਿਣ ਨਾਲ ਮਤਾ ਰੱਦ ਹੋ ਗਿਆ ਪਰ ਰਿਪੋਰਟ ਮੁਤਾਬਕ ਕਈ ਐੱਮਪੀ’ਜ਼ ਨੇ ਮਤੇ ਦਾ ਵਿਰੋਧ ਕੀਤਾ। ਚੰਦਰਾ ਆਰੀਆ ਨੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਖ਼ਾਲਿਸਤਾਨ ਹਮਾਇਤੀਆਂ ਨਾਲ ਜੋੜਨ ਦਾ ਯਤਨ ਵੀ ਕੀਤਾ।

ਸੰਸਦ ਮੈਂਬਰ ਨੇ ਚੇਤਾਵਨੀ ਦਿੱਤੀ ਕਿ ਉਹ ਮੁੜ ਸੰਸਦ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨਗੇ। ਮਤਾ ਅਸਫਲ ਰਹਿਣ ਮਗਰੋਂ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲਾਂ ਅਤੇ ਟੋਰੀਆਂ ਨੇ ਇਕਜੁੱਟ ਹੋ ਕੇ ਮਤੇ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਕੈਨੇਡਾ ਵਿਚ ਵੱਸਦੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਵਿਚ ਅਸਫਲ ਰਹੇ ਹਨ। ਉਧਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਵੀ ’84 ਸਿੱਖ ਕਤਲੇਆਮ ਨੂੰ ਮਾਨਤਾ ਦੇਣ ਦੀ ਮੰਗ ਕੀਤੀ।

Advertisement
Show comments