ਦਰਸ਼ਕਾਂ ਨੂੰ ਹਲੂਣ ਗਿਆ ਨਾਟਕ ‘ਸਿਆਚਿਨ’
ਕੈਨੇਡਾ ਦੇ ਨਾਟਕ ਖੇਤਰ ਵਿੱਚ ਵੱਖਰੀ ਪਛਾਣ ਬਣਾ ਚੁੱਕੀ ਚੰਡੀਗੜ੍ਹ ਦੀ ਸ਼ਬੀਨਾ ਸਿੰਘ ਦੇ ਨਿਰਦੇਸ਼ਨ ਹੇਠ ਖੇਡੇ ਗਏ ‘ਸਿਆਚਿਨ’ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸੱਤ ਰੰਗ ਥੀਏਟਰ ਦੀ ਟੀਮ ਨੇ ਲਾਲ ਬਟਨ ਗਰੁੱਪ ਦੇ ਸਹਿਯੋਗ ਨਾਲ ਬਰੈਂਪਟਨ ਦੇ ਕਲਾਰਕ ਥੀਏਟਰ ਵਿੱਚ ਖੇਡੇ ਗਏ ਇਸ ਨਾਟਕ ਰਾਹੀਂ ਸਿਆਚਿਨ ਗਲੇਸ਼ੀਅਰ ਦੀ ਔਖੀ ਜ਼ਿੰਦਗੀ ਦਰਸ਼ਕਾਂ ਸਾਹਮਣੇ ਲਿਆਂਦੀ। ਇਹ ਨਾਟਾਕ ਅਦਿਤਿਆ ਰਾਵਲ ਦੇ ਅੰਗਰੇਜ਼ੀ ਨਾਵਲ ’ਤੇ ਆਧਾਰਤ ਸੀ, ਜਿਸ ਦਾ ਅਨੁਵਾਦ ਰਾਘਵ ਦੱਤ ਨੇ ਕੀਤਾ। ਇਹ ਨਾਟਕ ਦੁਨੀਆ ਦੇ ਸਭ ਤੋਂ ਉੱਚੇ ਅਤੇ ਠੰਢੇ ਯੁੱਧ ਖੇਤਰ ਸਿਆਚਿਨ ਦੀ ਕਹਾਣੀ ਬਿਆਨ ਕਰਦਾ ਹੈ, ਜਿੱਥੇ ਤਾਪਮਾਨ ਮਨਫ਼ੀ 50 ਡਿਗਰੀ ਤੱਕ ਚਲਾ ਜਾਂਦਾ ਹੈ ਅਤੇ ਆਕਸੀਜਨ ਨਾ-ਮਾਤਰ ਹੁੰਦੀ ਹੈ। ਸ਼ਬੀਨਾ ਸਿੰਘ ਦੀ ਨਿਰਦੇਸ਼ਨਾ ਹੇਠ ਕਲਾਕਾਰਾਂ ਨੇ ਫ਼ੌਜੀ ਜਵਾਨਾਂ ਦੇ ਹਾਵ-ਭਾਵ, ਪਰਿਵਾਰ ਅਤੇ ਦੇਸ਼ ਬਾਰੇ ਉਨ੍ਹਾਂ ਦੀ ਸੋਚ ਅਤੇ ਅਤਿ ਮੁਸ਼ਕਲ ਹਾਲਾਤ ਵਿੱਚ ਜ਼ਿੰਦਗੀ ਬਤੀਤ ਕਰਨ ਦੇ ਉਨ੍ਹਾਂ ਦੇ ਸੰਘਰਸ਼ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ। ਸੂਬੇਦਾਰ ਸ਼ਬੀਰ ਨਕਵੀ ਦਾ ਕਿਰਦਾਰ ਵਿਵੇਕ ਸ਼ਰਮਾ ਨੇ ਬਾਖੂਬੀ ਨਿਭਾਇਆ। ਇਸੇ ਤਰ੍ਹਾਂ ਰੋਹਿਤ ਗਲੇਰੀਆ, ਨੀਲਿਮਾ ਕਲਾਰਿਸ ਅਤੇ ਹੋਰ ਕਲਾਕਾਰਾਂ ਨੇ ਵੀ ਸ਼ਾਨਦਾਰ ਅਦਾਕਾਰੀ ਕੀਤੀ। ਇਸ ਮੌਕੇ ਰੇਡੀਓ ਹੋਸਟ ਗੁਰਵਿੰਦਰ ਸਿੰਘ ਵਾਲੀਆ, ਸਨੀ ਚਾਹਲ ਅਤੇ ਸਾਬਕਾ ਡਿਪਟੀ ਡਾਇਰੈਕਟਰ ਚੰਚਲ ਸਿੰਘ ਸਮੇਤ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਮੌਜੂਦ ਸਨ।
