ਭਾਰਤ ’ਚ ਚੀਨੀਆਂ ਨੇ ਿਲਆਂਦੀ ਸੀ ਸਿਨਕੋਨਾ
18ਵੀਂ ਸਦੀ ’ਚ ਤਾਮਿਲਨਾਡੂ ਦੇ ਉਧਗਮੰਡਲਮ ’ਚ ਸਿਨਕੋਨਾ ਦੀ ਖੇਤੀ ਲਈ ਅੰਗਰੇਜ਼ਾਂ ਵੱਲੋਂ ਲਿਆਂਦੇ ਗਏ ਚੀਨੀ ਕੈਦੀਆਂ ਦੇ ਸਮੂਹ ਬਾਰੇ ਆਈ ਆਈ ਟੀ ਚੇਨੱਈ ਦੇ ਐਸੋਸੀਏਟ ਪ੍ਰੋਫੈਸਰ ਦੀ ਬਣਾਈ ਦਸਤਾਵੇਜ਼ੀ ਇੱਥੇ ਚੀਨ ਦੀਆਂ ਯੂਨੀਵਰਸਿਟੀਆਂ ’ਚ ਦਿਖਾਈ ਗਈ। ਆਈ ਆਈ ਟੀ ਚੇਨੱਈ ’ਚ ਕੰਮ ਕਰਦੇ ਐਸੋਸੀਏਟ ਪ੍ਰੋਫੈਸਰ ਜੋ ਥੌਮਸ ਕਰਕੱਟੂ ਨੇ ਕਿਹਾ ਕਿ ‘ਦੋਜ਼ ਫੋਰ ਯੀਅਰਜ਼’ ਦੇ ਸਿਰਲੇਖ ਹੇਠਲੀ ਦਸਤਾਵੇਜ਼ੀ ਪਹਿਲਾਂ ਹਾਂਗਕਾਂਗ ਤੇ ਹੋਰ ਥਾਵਾਂ ’ਤੇ ਦਿਖਾਈ ਗਈ ਸੀ ਪਰ ਚੀਨ ’ਚ ਪਹਿਲੀ ਵਾਰ ਦਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਇਹ ਦਸਤਾਵੇਜ਼ੀ ਤਾਮਿਲ ਤੇ ਪੇਈਚਿੰਗ ਵਿਦੇਸ਼ ਅਧਿਐਨ ਯੂਨੀਵਰਸਿਟੀ ਤੇ ਸਿੰਘੁਆ ਯੂਨੀਵਰਸਿਟੀ ਦੇ ਹਿੰਦੀ ਵਿਭਾਗਾਂ ’ਚ ਦਿਖਾਈ ਗਈ ਹੈ। ਪੁਰਾਣੇ ਸਮੇਂ ’ਚ ਸਿਨਕੋਨਾ ਦੇ ਦਰੱਖਤ ਦੇ ਛਿੱਲੜ ਦਾ ਅਰਕ ਮਲੇਰੀਆ ਦੇ ਇਲਾਜ ਲਈ ਵਰਤਿਆ ਜਾਂਦਾ ਸੀ। ਬਰਤਾਨਵੀ ਬਸਤੀਵਾਦੀ ਸ਼ਾਸਕਾਂ ਨੇ ਬਰਤਾਨੀਆ ਨੂੰ ਬਰਾਮਦ ਕਰਨ ਲਈ ਬਾਗਾਨਾਂ ਦੀ ਖੇਤੀ ਕੀਤੀ। ਸ੍ਰੀ ਥੌਮਸ ਕਰਕੱਟੂ ਨੇ ਕਿਹਾ ਕਿ ਤਕਰੀਬਨ 40-50 ਚੀਨੀ ਕੈਦੀਆਂ ਦੇ ਸਮੂਹ ਨੂੰ ਹਾਂਗਕਾਂਗ, ਮਲੇਸ਼ੀਆ ਤੇ ਸਿੰਗਾਪੁਰ ਤੋਂ ਲਿਆਂਦਾ ਗਿਆ ਸੀ ਅਤੇ ਚਾਰ ਸਾਲ ਤੱਕ ਬਾਗਾਨਾਂ ਦੀ ਖੇਤੀ ਕਰਵਾਈ ਗਈ ਤੇ ਬਾਅਦ ਵਿੱਚ ਵਾਪਸ ਭੇਜ ਦਿੱਤਾ ਗਿਆ। ਕਈ ਚੀਨੀ ਉਥੇ ਹੀ ਰਹਿ ਗਏ ਤੇ ਪਹਾੜੀ ਇਲਾਕੇ ’ਚ ਵਸ ਗਏ ਅਤੇ ਉਨ੍ਹਾਂ ਸਥਾਨਕ ਲੋਕਾਂ ਨਾਲ ਵਿਆਹ ਕਰਵਾ ਲਏ।
