ਥਾਈਲੈਂਡ ਵੱਲੋਂ ਕੰਬੋਡੀਆ ਨਾਲ ਲੱਗਦੀ ਸਰਹੱਦ ’ਤੇ ਹਵਾਈ ਹਮਲੇ
ਥਾਈਲੈਂਡ ਨੇ ਅੱਜ ਕੰਬੋਡੀਆ ਨਾਲ ਲੱਗਦੀ ਵਿਵਾਦਤ ਸਰਹੱਦ ’ਤੇ ਹਵਾਈ ਹਮਲੇ ਕੀਤੇ। ਦੋਵਾਂ ਧਿਰਾਂ ਨੇ ਇੱਕ ਦੂਜੇ ’ਤੇ ਗੋਲੀਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਦੋਵਾਂ ਧਿਰਾਂ ਵਿਚਾਲੇ ਲੜਾਈ ਰੁਕ ਗਈ ਸੀ।
ਜ਼ਿਕਰਯੋਗ ਹੈ ਕਿ ਲੰਮੇਂ ਸਮੇਂ ਤੋਂ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ ਅਤੇ ਜੁਲਾਈ ਵਿੱਚ ਪੰਜ ਦਿਨਾਂ ਤਕ ਚੱਲੀ ਲੜਾਈ ਵਿੱਚ ਦਰਜਨਾਂ ਸੈਨਿਕ ਤੇ ਨਾਗਰਿਕ ਮਾਰੇ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣ-ਪੂਰਬੀ ਏਸ਼ਿਆਈ ਗੁਆਂਢੀਆਂ ’ਤੇ ਅਕਤੂਬਰ ਵਿੱਚ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਦਬਾਅ ਪਾਇਆ ਸੀ ਪਰ ਤਣਾਅ ਬਰਕਰਾਰ ਹੈ। ਥਾਈ ਫੌਜ ਨੇ ਕਿਹਾ ਕਿ 50,000 ਤੋਂ ਵੱਧ ਲੋਕ ਸਰਹੱਦ ਨੇੜੇ ਪਨਾਹਗਾਹਾਂ ਵਿੱਚ ਚਲੇ ਗਏ ਹਨ; ਕੰਬੋਡੀਆ ਦੇ ਸੂਚਨਾ ਮੰਤਰੀ ਨੇਥ ਫਿਕਟਰਾ ਨੇ ਕਿਹਾ ਕਿ ਸਰਹੱਦ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਝੜਪਾਂ ਵਿੱਚ ਘੱਟੋ-ਘੱਟ ਇੱਕ ਥਾਈ ਸੈਨਿਕ ਅਤੇ ਚਾਰ ਕੰਬੋਡਿਆਈ ਨਾਗਰਿਕ ਮਾਰੇ ਗਏ ਹਨ। ਥਾਈ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਟੈਲੀਵਿਜ਼ਨ ਭਾਸ਼ਣ ਵਿੱਚ ਕਿਹਾ ਕਿ ਦੇਸ਼ ਦੀ ਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਫੌਜੀ ਕਾਰਵਾਈਆਂ ਕੀਤੀਆਂ ਜਾਣਗੀਆਂ।
ਐਤਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ, ਨਵੰਬਰ ਦੇ ਸ਼ੁਰੂ ਵਿੱਚ ਥਾਈ ਸੈਨਿਕਾਂ ਦੇ ਬਾਰੂਦੀ ਸੁਰੰਗਾਂ ਕਾਰਨ ਜ਼ਖਮੀ ਹੋਣ ਤੋਂ ਬਾਅਦ ਵਾਪਰੀ ਹੈ। ਥਾਈਲੈਂਡ ਨੇ ਗੋਲੀਬੰਦੀ ਸਮਝੌਤੇ ਦੀਆਂ ਸ਼ਰਤਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਦੋਵੇਂ ਧਿਰਾਂ ਇੱਕ ਦੂਜੇ ਨੂੰ ਇਸ ਲਈ ਦੋਸ਼ੀ ਠਹਿਰਾ ਰਹੀਆਂ ਹਨ।
