ਟਰੰਪ ਦੇ ਦਖ਼ਲ ਮਗਰੋਂ ਥਾਈਲੈਂਡ ਤੇ ਕੰਬੋਡੀਆ ਜੰਗਬੰਦੀ ’ਤੇ ਗੱਲਬਾਤ ਲਈ ਸਹਿਮਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਚੋਲਗੀ ਦੇ ਯਤਨਾਂ ਮਗਰੋਂ ਥਾਈਲੈਂਡ ਅਤੇ ਕੰਬੋਡੀਆ ਨੇ ਅੱਜ ਸੰਕੇਤ ਦਿੱਤਾ ਕਿ ਉਹ ਸਰਹੱਦੀ ਵਿਵਾਦ ਖਤਮ ਕਰਨ ਵਾਸਤੇ ਗੱਲਬਾਤ ਲਈ ਤਿਆਰ ਹਨ। ਥਾਈਲੈਂਡ ਅਤੇ ਕੰਬੋਡੀਆ ਦੀਆਂ ਫ਼ੌਜਾਂ ਦਰਮਿਆਨ ਪਿਛਲੇ ਚਾਰ ਦਿਨਾਂ ਤੋਂ ਸਰਹੱਦੀ ਟਕਰਾਅ ਚੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ 33 ਮੌਤਾਂ ਹੋ ਚੁੱਕੀਆਂ ਹਨ ਅਤੇ 1.68 ਲੱਖ ਲੋਕ ਬੇਘਰ ਹੋ ਗਏ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਥਾਈਲੈਂਡ ਅਤੇ ਕੰਬੋਡੀਆ ਦੇ ਆਗੂਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦਰਮਿਆਨ ਟਕਰਾਅ ਜਾਰੀ ਰਹਿੰਦਾ ਹੈ ਤਾਂ ਉਹ ਦੋਵਾਂ ਦੇਸ਼ਾਂ ਨਾਲ ਵਪਾਰ ਸਮਝੌਤਾ ਅੱਗੇ ਨਹੀਂ ਵਧਾਉਣਗੇ।
ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਫੌਰੀ ਅਤੇ ਬਿਨਾਂ ਸ਼ਰਤ ਜੰਗਬੰਦੀ ਦੀ ਦਿਸ਼ਾ ਵਿੱਚ ਕਦਮ ਚੁੱਕਣ ਲਈ ਸਹਿਮਤ ਹੋ ਗਿਆ ਹੈ। ਮਾਨੇਟ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ (ਟਰੰਪ) ਨੇ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਾਮ ਵੇਚਾਇਆਚਾਈ ਨਾਲ ਗੱਲਬਾਤ ਕੀਤੀ ਹੈ, ਜਿਸ ਮਗਰੋਂ ਥਾਈਲੈਂਡ ਵੀ ਹਮਲੇ ਰੋਕਣ ਲਈ ਸਹਿਮਤ ਹੋ ਗਿਆ ਹੈ। ਕੰਬੋਡੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਉਪ ਵਿਦੇਸ਼ ਮੰਤਰੀ ਪ੍ਰਾਕ ਸੋਖੋਨ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਤਾਲਮੇਲ ਕਰਨ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀ ਨਾਲ ਸਿੱਧਾ ਸੰਪਰਕ ਕਰਕੇ ਜੰਗਬੰਦੀ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਥਾਈਲੈਂਡ ਤੇ ਕੰਬੋਡੀਆ ਦੇ ਆਗੂ ਮਲੇਸ਼ੀਆ ਵਿੱਚ ਕਰਨਗੇ ਗੱਲਬਾਤ
ਬੈਂਕਾਕ: ਥਾਈਲੈਂਡ ਅਤੇ ਕੰਬੋਡੀਆ ਦੇ ਆਗੂ ਟਕਰਾਅ ਖ਼ਤਮ ਕਰਨ ਲਈ ਮਲੇਸ਼ੀਆ ਵਿੱਚ ਮੀਟਿੰਗ ਕਰਨਗੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਜਿਰਾਯੂ ਹੁਆਂਗਸਾਪ ਨੇ ਦੱਸਿਆ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਾਮ ਵੇਚਾਯਾਚਾਈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਖੇਤਰ ਵਿੱਚ ਸ਼ਾਂਤੀ ਯਤਨਾਂ ’ਤੇ ਚਰਚਾ ਕਰਨ ਸਬੰਧੀ ਸੱਦੇ ’ਤੇ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ। ਜਿਰਾਯੂ ਨੇ ਕਿਹਾ ਕਿ ਫੁਮਥਾਮ ਦੇ ਕੰਬੋਡਿਆਈ ਹਮਰੁਤਬਾ ਹੁਨ ਮਾਨੇਟ ਵੀ ਗੱਲਬਾਤ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਕੰਬੋਡਿਆਈ ਅਧਿਕਾਰੀਆਂ ਨੇ ਫੌਰੀ ਇਸਦੀ ਪੁਸ਼ਟੀ ਨਹੀਂ ਕੀਤੀ ਹੈ। -ਏਪੀ