ਸੂਡਾਨ: ਪੱਛਮੀ ਦਾਰਫਰ ’ਚ ਢਿੱਗਾਂ ਡਿੱਗਣ ਕਾਰਨ 1,000 ਲੋਕ ਹਲਾਕ
ਸੂਡਾਨ ਦੇ ਪੱਛਮੀ ਦਾਰਫਰ ਖੇਤਰ ਵਿੱਚ ਢਿੱਗਾਂ ਡਿੱਗਣ ਕਾਰਨ ਪੂਰਾ ਪਿੰਡ ਤਬਾਹ ਹੋ ਗਿਆ। ਇਸ ਦੌਰਾਨ ਘੱਟੋ-ਘੱਟ 1,000 ਲੋਕ ਮਾਰੇ ਗਏ ਹਨ। ਇਸ ਖੇਤਰ ਨੂੰ ਕੰਟਰੋਲ ਕਰਨ ਵਾਲੇ ਬਾਗੀ ਗਰੁੱਪ ਨੇ ਬੀਤੀ ਦੇਰ ਰਾਤ ਕਿਹਾ ਕਿ ਇਹ ਅਫ਼ਰੀਕੀ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਕੁਦਰਤੀ ਆਫ਼ਤਾਂ ’ਚੋਂ ਇੱਕ ਹੈ। ਸੂਡਾਨ ਲਿਬਰੇਸ਼ਨ ਮੂਵਮੈਂਟ-ਆਰਮੀ ਨੇ ਕਿਹਾ ਕਿ ਅਗਸਤ ਦੇ ਅਖੀਰ ਵਿੱਚ ਕਈ ਦਿਨਾਂ ਦੇ ਭਾਰੀ ਮੀਂਹ ਤੋਂ ਬਾਅਦ ਐਤਵਾਰ ਨੂੰ ਮੱਧ ਦਾਰਫਰ ਦੀਆਂ ਮਰਾਹ ਪਹਾੜੀਆਂ ਵਿੱਚ ਸਥਿਤ ਤਰਾਸਿਨ ਪਿੰਡ ’ਚ ਇਹ ਦੁਖਾਂਤ ਵਾਪਰਿਆ ਹੈ। ਬਿਆਨ ਅਨੁਸਾਰ, ‘ਪਿੰਡ ਦੇ ਸਾਰੇ ਵਸਨੀਕਾਂ, ਜਿਨ੍ਹਾਂ ਦੀ ਗਿਣਤੀ 1,000 ਤੋਂ ਵੱਧ ਹੋਣ ਦਾ ਅਨੁਮਾਨ ਹੈ, ਦੀ ਮੌਤ ਹੋ ਗਈ ਹੈ। ਸਿਰਫ਼ ਇੱਕ ਵਿਅਕਤੀ ਬਚਿਆ ਹੈ।’
ਗਰੁੱਪ ਨੇ ਕਿਹਾ ਕਿ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਨ੍ਹਾਂ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਸਹਾਇਤਾ ਗਰੁੱਪਾਂ ਨੂੰ ਲਾਸ਼ਾਂ ਕੱਢਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਇਹ ਦੁਖਾਂਤ ਉਸ ਵੇਲੇ ਵਾਪਰਿਆ ਹੈ ਜਦੋਂ ਸੂਡਾਨ ਘਰੇਲੂ ਸੰਘਰਸ਼ ਵਿੱਚ ਫਸਿਆ ਹੋਇਆ ਹੈ। ਦੇਸ਼ ਦੀ ਫੌਜ ਅਤੇ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸਿਜ਼ (ਆਰ ਸੀ ਐੱਫ) ਵਿਚਾਲੇ ਤਣਾਅ ਅਪਰੈਲ 2023 ਵਿੱਚ ਰਾਜਧਾਨੀ ਖਰਤੂਮ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਖੁੱਲ੍ਹੀ ਲੜਾਈ ’ਚ ਬਦਲ ਗਿਆ ਸੀ।