ਬੰਦੀਆਂ ਦੀ ਰਿਹਾਈ ਲਈ ਇਜ਼ਰਾਈਲ ’ਚ ਜ਼ੋਰਦਾਰ ਪ੍ਰਦਰਸ਼ਨ
ਇਜ਼ਰਾਈਲ ਵੱਲੋਂ ਜਦੋਂ ਹਮਾਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਮੁਲਕ ਦੇ ਲੋਕਾਂ ਨੇ ਪ੍ਰਦਰਸ਼ਨ ਕਰਕੇ ਗੋਲੀਬੰਦੀ ਦੀ ਮੰਗ ਕੀਤੀ ਹੈ ਤਾਂ ਜੋ ਗਾਜ਼ਾ ’ਚ ਹਾਲੇ ਤੱਕ ਬੰਦੀਆਂ ਨੂੰ ਛੁਡਵਾਇਆ ਜਾ ਸਕੇ। ਇਹ ਪ੍ਰਦਰਸ਼ਨ ਉਸ ਸਮੇਂ ਹੋਏ ਹਨ ਜਦੋਂ ਇਕ ਦਿਨ ਪਹਿਲਾਂ ਇਜ਼ਰਾਈਲ ਵੱਲੋਂ ਹਸਪਤਾਲ ’ਤੇ ਕੀਤੇ ਗਏ ਹਮਲੇ ’ਚ ਪੰਜ ਪੱਤਰਕਾਰਾਂ ਸਮੇਤ 20 ਵਿਅਕਤੀ ਮਾਰੇ ਗਏ ਸਨ। ਇਸ ਦੌਰਾਨ ਮੰਗਲਵਾਰ ਨੂੰ ਵੀ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲਿਆਂ ’ਚ 16 ਫਲਸਤੀਨੀ ਮਾਰੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਨੇਤਨਯਾਹੂ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਟਾਇਰ ਸਾੜ ਕੇ ਕੌਮੀ ਮਾਰਗ ਠੱਪ ਕਰ ਦਿੱਤੇ। ਗਾਜ਼ਾ ’ਚ ਹਮਾਸ ਵੱਲੋਂ ਬੰਦੀ ਬਣਾਏ ਗਏ ਇਟੇਯ ਚੇਨ ਦੇ ਪਿਤਾ ਰੂਬੀ ਚੇਨ ਨੇ ਪ੍ਰਦਰਸ਼ਨ ’ਚ ਸ਼ਾਮਲ ਹੁੰਦਿਆਂ ਕਿਹਾ, ‘‘ਵਾਰਤਾ ਕਰਨ ਦੀ ਲੋੜ ਹੈ। ਗੱਲਬਾਤ ਨਾਲ ਹੀ ਗੋਲੀਬੰਦੀ ਹੋ ਸਕਦੀ ਹੈ ਅਤੇ ਬੰਦੀਆਂ ਨੂੰ ਛੁਡਵਾਇਆ ਜਾ ਸਕਦਾ ਹੈ।’’ ਇਜ਼ਰਾਈਲ ਦੇ ਬੰਦੀ ਅਤੇ ਲਾਪਤਾ ਪਰਿਵਾਰਾਂ ਨਾਲ ਸਬੰਧਤ ਫੋਰਮ ਵੱਲੋਂ ਅੱਜ ਕੌਮੀ ਸੰਘਰਸ਼ ਦਿਵਸ ਮਨਾਇਆ ਗਿਆ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਬੰਦੀਆਂ ਲਈ ਹੁਣੇ ਸਮਝੌਤਾ’ ਕੀਤਾ ਜਾਵੇ ਜਿਹੇ ਬੈਨਰ ਫੜੇ ਹੋਏ ਸਨ। ਬੰਦੀਆਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਨੇਤਨਯਾਹੂ ਅਤੇ ਉਸ ਦੀ ਸੁਰੱਖਿਆ ਕੈਬਨਿਟ ’ਤੇ ਪ੍ਰਦਰਸ਼ਨਾਂ ਰਾਹੀਂ ਗੋਲੀਬੰਦੀ ਦੀ ਵਾਰਤਾ ਲਈ ਦਬਾਅ ਪਾਇਆ ਜਾ ਸਕਦਾ ਹੈ।
ਗਾਜ਼ਾ ਸਿਟੀ ’ਤੇ ਕਬਜ਼ੇ ਲਈ 1.30 ਲੱਖ ਇਜ਼ਰਾਇਲੀ ਫੌਜੀ ਹੋਣਗੇ ਤਾਇਨਾਤ
ਯੇਰੂਸ਼ਲਮ: ਗਾਜ਼ਾ ਸਿਟੀ ’ਤੇ ਕਬਜ਼ੇ ਲਈ ਇਜ਼ਰਾਈਲ ਵੱਲੋਂ 1.30 ਲੱਖ ਫੌਜੀ ਤਾਇਨਾਤ ਕੀਤੇ ਜਾਣਗੇ। ਇਜ਼ਰਾਈਲ ਡਿਫੈਂਸ ਫੋਰਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਉਸ ਮੁਤਾਬਕ ਗਾਜ਼ਾ ’ਚ ਹਮਾਸ ਨਾਲ ਜੰਗ ਅਗਲੇ ਵਰ੍ਹੇ ਵੀ ਜਾਰੀ ਰਹਿ ਸਕਦੀ ਹੈ। ਅਧਿਕਾਰੀ ਮੁਤਾਬਕ 40 ਤੋਂ 50 ਹਜ਼ਾਰ ਫੌਜੀਆਂ ਨੂੰ 2 ਸਤੰਬਰ ਤੱਕ ਡਿਊਟੀ ’ਤੇ ਤਾਇਨਾਤ ਹੋਣ ਦੇ ਹੁਕਮ ਦਿੱਤੇ ਗਏ ਹਨ। -ਏਜੰਸੀ