ਗਾਜ਼ਾ ’ਚ ਭੁੱਖਮਰੀ: ਕਿਲੋ ਆਟਾ 60 ਡਾਲਰ ਦਾ
ਇਜ਼ਰਾਈਲ ਵੱਲੋਂ ਤਬਾਹ ਗਾਜ਼ਾ ਅੰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੁਰੱਖਿਆ ਵਿਵਸਥਾ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਭੁੱਖੇ ਫਲਸਤੀਨੀਆਂ ਨੂੰ ਖ਼ੁਰਾਕੀ ਵਸਤਾਂ ਪਹੁੰਚਾਉਣਾ ਲਗਪਗ ਅਸੰਭਵ ਹੋ ਗਿਆ ਹੈ। ਪਹੁੰਚਾਈ ਜਾ ਰਹੀ ਸੀਮਤ ਸਹਾਇਤਾ ਦਾ ਜ਼ਿਆਦਾਤਰ ਹਿੱਸਾ ਗਰੋਹਾਂ ਅਤੇ ਵਪਾਰੀਆਂ ਵੱਲੋਂ ਜਮ੍ਹਾਂ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਵੱਧ ਕੀਮਤਾਂ ’ਤੇ ਵੇਚਿਆ ਜਾ ਰਿਹਾ ਹੈ। ਹਾਲੀਆ ਦਿਨਾਂ ਦੌਰਾਨ ਇੱਕ ਕਿਲੋਗ੍ਰਾਮ ਆਟੇ ਦੀ ਕੀਮਤ 60 ਡਾਲਰ ਅਤੇ ਇੱਕ ਕਿਲੋਗ੍ਰਾਮ ਦਾਲ ਦੀ ਕੀਮਤ 35 ਡਾਲਰ ’ਤੇ ਪਹੁੰਚ ਗਈ। ਇਹ ਉਸ ਖੇਤਰ ਦੇ ਜ਼ਿਆਦਾਤਰ ਵਸਨੀਕਾਂ ਦੀ ਪਹੁੰਚ ਤੋਂ ਬਾਹਰ ਹੈ ਜਿਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਖੇਤਰ ’ਤੇ ਅਕਾਲ ਦਾ ਖ਼ਤਰਾ ਹੈ। ਇੱਥੇ ਲੋਕ ਇਜ਼ਰਾਈਲ-ਹਮਾਸ ਜੰਗ ਦੇ 21 ਮਹੀਨਿਆਂ ਮਗਰੋਂ ਵੀ ਆਪਣੀ ਬੱਚਤ ’ਤੇ ਨਿਰਭਰ ਹਨ। ਹੁਣ ਤੱਕ ਜੰਗ ’ਚ 60 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੌਮਾਂਤਰੀ ਦਬਾਅ ਹੇਠ ਇਸ ਹਫ਼ਤੇ ਇਜ਼ਰਾਈਲ ਵੱਲੋਂ ਹੋਰ ਸਹਾਇਤਾ ਪਹੁੰਚਾਉਣ ਦੇ ਫ਼ੈਸਲੇ ਨਾਲ ਕੀਮਤਾਂ ਵਿੱਚ ਕੁੱਝ ਕਮੀ ਆਈ ਹੈ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਪੂਰੀ ਤਰ੍ਹਾਂ ਅਸਰ ਨਹੀਂ ਪਿਆ।
ਬਾਜ਼ਾਰਾਂ ਵਿੱਚ ਆਟੇ ਦੀਆਂ ਥੈਲੀਆਂ ’ਤੇ ਹਮੇਸ਼ਾ ਸੰਯੁਕਤ ਰਾਸ਼ਟਰ ਦਾ ਲੋਗੋ ਲੱਗਿਆ ਹੁੰਦਾ ਹੈ, ਜਦਕਿ ਹੋਰ ਪੈਕੇਜਿੰਗ ’ਤੇ ਇਹ ਸੰਕੇਤ ਹੁੰਦਾ ਹੈ ਕਿ ਇਹ ਇਜ਼ਰਾਇਲ ਦੀ ਸਹਾਇਤਾ ਪ੍ਰਾਪਤ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ ਤੋਂ ਆਇਆ। ਇਹ ਸਾਰੇ ਮੁਫ਼ਤ ਵਿੱਚ ਵੰਡੇ ਜਾਂਦੇ ਹਨ। ਇਹ ਜਾਣਨਾ ਅਸੰਭਵ ਹੈ ਕਿ ਕਿੰਨੇ ਹਿੱਸੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ, ਪਰ ਕੋਈ ਵੀ ਗਰੁੱਪ ਇਹ ਪਤਾ ਨਹੀਂ ਲਗਾ ਸਕਿਆ ਕਿ ਉਸ ਦੀ ਸਹਾਇਤਾ ਕਿਸ ਨੂੰ ਦਿੱਤੀ ਜਾ ਰਹੀ ਹੈ। ਹਾਲ ਹੀ ਦੇ ਹਫ਼ਤਿਆਂ ਦੌਰਾਨ ਸਹਾਇਤਾ ਵੰਡ ਦੌਰਾਨ ਹੋਈ ਹਫੜਾ-ਤਫੜੀ ਵਿੱਚ ਨਿਵਾਸੀਆਂ ਦਾ ਕਹਿਣਾ ਕਿ ਰਿਸ਼ਟ-ਪੁਸ਼ਟ ਲੋਕ ਹੀ ਭੋਜਨ ਲਿਜਾਣ ਦੀ ਸਭ ਤੋਂ ਚੰਗੀ ਸਥਿਤੀ ਵਿੱਚ ਹਨ।
ਰਾਫ਼ਾਹ ਸ਼ਹਿਰ ਨੇੜੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੱਕ ਤੰਬੂ ਵਿੱਚ ਰਹਿ ਰਹੇ ਮੁਹੰਮਦ ਅਬੂ ਤਾਹਾ ਨੇ ਕਿਹਾ ਕਿ ਜਦੋਂ ਉਹ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ ਦੀਆਂ ਥਾਵਾਂ ’ਤੇ ਭੋਜਨ ਲੈਣ ਜਾਂਦੇ ਹਨ ਤਾਂ ਨੌਜਵਾਨਾਂ ਦੇ ਜਥੇਬੰਦਕ ਗਰੋਹ ਹਮੇਸ਼ਾ ਭੀੜ ਤੋਂ ਅੱਗੇ ਹੁੰਦੇ ਹਨ। ਉਸ ਨੇ ਕਿਹਾ, ‘‘ਇਹ ਬਹੁਤ ਵੱਡਾ ਕਾਰੋਬਾਰ ਹੈ।’’ ਹਰ ਵਾਰ ਮਦਦ ਲੈਣ ਮੌਕੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੁੰਦਾ ਹੈ।
ਇੱਕ ਲੱਖ ਔਰਤਾਂ ਤੇ ਬੱਚੇ ਕੁਪੋਸ਼ਣ ਦਾ ਗੰਭੀਰ ਸ਼ਿਕਾਰ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਲਗਪਗ ਇੱਕ ਲੱਖ ਔਰਤਾਂ ਅਤੇ ਬੱਚੇ ਗੰਭੀਰ ਕੁਪੋਸ਼ਣ ਤੋਂ ਪੀੜਤ ਹਨ, ਸਹਾਇਤਾ ਗਰੁੱਪਾਂ ਅਤੇ ਮੀਡੀਆ ਸੰਸਥਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਕਰਮਚਾਰੀ ਭੁੱਖੇ ਮਰ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਹਫ਼ਤਿਆਂ ਵਿੱਚ ਭੁੱਖ ਕਾਰਨ ਦਰਜ਼ਨਾਂ ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ 21 ਮਹੀਨਿਆਂ ਤੋਂ ਜਾਰੀ ਇਜ਼ਰਾਈਲ-ਹਮਾਸ ਜੰਗ ਵਿੱਚ 60 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ।