ਸ਼੍ਰੀਲੰਕਾ: ਅਦਾਲਤ 'ਚ ਗੋਲੀਬਾਰੀ ਅੰਡਰਵਰਲਡ ਨਾਲ ਸਬੰਧਤ ਵਿਅਕਤੀ ਦੀ ਮੌਤ
ਕੋਲੰਬੋ, 19 ਫਰਵਰੀ
ਕੋਲੰਬੋ ਦੇ ਉਪਨਗਰ ਹਲਫਟਸਡੋਰਪ ਦੇ ਨਿਆਂਇਕ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਅਦਾਲਤ ਦੇ ਅਹਾਤੇ ਵਿੱਚ ਗੋਲੀ ਲੱਗਣ ਨਾਲ ਅੰਡਰਵਰਲਡ ਨਾਲ ਸਬੰਧਤ ਮਸ਼ਹੂਰ ਵਿਅਕਤੀ ਦੀ ਮੌਤ ਹੋ ਗਈ। ਨੈਸ਼ਨਲ ਹਸਪਤਾਲ ਦੇ ਡਾਇਰੈਕਟਰ ਡਾ. ਰੁਕਸ਼ਨ ਬੇਲਾਨਾ ਨੇ ਦੱਸਿਆ ਕਿ ਮਸ਼ਹੂਰ ਅਪਰਾਧਿਕ ਸ਼ੱਕੀ ਗਨੇਮੁਲੇ ਸੰਜੀਵਾ ਦੀ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਸੰਜੀਵਾ ਨੂੰ ਦੱਖਣੀ ਕਸਬੇ ਬੂਸਾ ਦੀ ਜੇਲ੍ਹ ਤੋਂ ਮੁੱਖ ਮੈਜਿਸਟ੍ਰੇਟ ਦੀ ਅਦਾਲਤ ਵਿਚ ਸੁਣਵਾਈ ਲਈ ਲਿਆਂਦਾ ਗਿਆ ਸੀ, ਵਕੀਲ ਦੇ ਭੇਸ ਵਿਚ ਆਏ ਇਕ ਬੰਦੂਕਧਾਰੀ ਨੇ ਉਸਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਅੱਗੇ ਕਿਹਾ ਕਿ ਕਤਲ ਲਈ ਵਰਤੀ ਗਈ ਰਿਵਾਲਵਰ ਛਾਪੇਮਾਰੀ ਦੌਰਾਨ ਅਦਾਲਤ ਦੇ ਅਹਾਤੇ ਦੇ ਅੰਦਰੋਂ ਮਿਲੀ।
ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਿਆ। ਸੰਜੀਵਾ, ਜੋ ਅਪਰਾਧਿਕ ਗਤੀਵਿਧੀਆਂ ਦਾ ਹਿੱਸਾ ਹੋਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ, ਨੂੰ ਸਤੰਬਰ 2023 ਵਿਚ ਨੇਪਾਲ ਤੋਂ ਵਾਪਸ ਆਉਣ ’ਤੇ ਹਵਾਈ ਅੱਡੇ ’ਤੇ ਗ੍ਰਿਫਤਾਰ ਕੀਤਾ ਗਿਆ ਸੀ। -ਪੀਟੀਆਈ