ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਪੇਨ ਤੇ ਨਾਰਵੇ ਨੇ ਫਲਸਤੀਨ ਨੂੰ ਅਧਿਕਾਰਿਤ ਤੌਰ ’ਤੇ ਮੁਲਕ ਵਜੋਂ ਮਾਨਤਾ ਦਿੱਤੀ

ਇਜ਼ਰਾਈਲ ਨੇ ਐਲਾਨ ਦਾ ਕੀਤਾ ਵਿਰੋਧ; ਦਰਜਨਾਂ ਮੁਲਕ ਪਹਿਲਾਂ ਕਰ ਚੁੱਕੇ ਹਨ ਫ਼ਲਸਤੀਨ ਦੇ ਹੱਕ ’ਚ ਐਲਾਨ
ਰਾਫਾਹ ਵਿੱਚ ਘਰੇਲੂ ਸਾਮਾਨ ਲੱਦ ਕੇ ਸੁਰੱਖਿਅਤ ਥਾਂ ਵੱਲ ਜਾਂਦਾ ਹੋਇਆ ਫਲਸਤੀਨੀ ਪਰਿਵਾਰ। -ਫੋਟੋ: ਰਾਇਟਰਜ਼
Advertisement

ਬਾਰਸੀਲੋਨਾ, 28 ਮਈ

ਸਪੇਨ, ਨਾਰਵੇ ਤੇ ਆਇਰਲੈਂਡ ਨੇ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਹਮਾਸ ਨਾਲ ਜੰਗ ਲੜ ਰਹੇ ਇਜ਼ਰਾਈਲ ’ਤੇ ਕੌਮਾਂਤਰੀ ਦਬਾਅ ਵਧੇਗਾ। ਇਜ਼ਰਾਈਲ ਨੇ ਹਾਲਾਂਕਿ ਇਸ ਕੂਟਨੀਤਕ ਕਦਮ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਐਲਾਨ ਦਾ ਗਾਜ਼ਾ ’ਚ ਉਸ ਦੀ ਜੰਗ ’ਤੇ ਤੁਰੰਤ ਕੋਈ ਪ੍ਰਭਾਵ ਨਹੀਂ ਪਵੇਗਾ।

Advertisement

ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦਾ ਮੰਤਰੀ ਮੰਡਲ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ। ਆਇਰਲੈਂਡ ਤੇ ਨਾਰਵੇ ਵੀ ਬਾਅਦ ਵਿੱਚ ਫ਼ਲਸਤੀਨ ਮੁਲਕ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣਗੇ। ਦਰਜਨਾਂ ਮੁਲਕ ਪਹਿਲਾਂ ਫ਼ਲਸਤੀਨ ਨੂੰ ਮਾਨਤਾ ਦੇ ਚੁੱਕੇ ਹਨ ਪਰ ਕਿਸੇ ਵੱਡੇ ਪੱਛਮੀ ਮੁਲਕ ਨੇ ਅਜਿਹਾ ਨਹੀਂ ਕੀਤਾ ਹੈ। ਸਾਂਚੇਜ਼ ਨੇ ਮੈਡ੍ਰਿਡ ’ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਚ ਕਿਹਾ, ‘ਇਹ ਇੱਕ ਇਤਿਹਾਸਕ ਫ਼ੈਸਲਾ ਹੈ ਜਿਸ ਦਾ ਇੱਕੋ-ਇੱਕ ਮਕਸਦ ਹੈ ਅਤੇ ਇਹ ਮਕਸਦ ਇਜ਼ਰਾਈਲ ਤੇ ਫ਼ਲਸਤੀਨ ਦੇ ਲੋਕਾਂ ਨੂੰ ਸ਼ਾਂਤੀ ਸਥਾਪਤ ਕਰਨ ’ਚ ਮਦਦ ਕਰਨਾ ਹੈ।’ ਸਾਂਚੇਜ਼ ਦੇ ਇਸ ਭਾਸ਼ਣ ਦਾ ਟੀਵੀ ’ਤੇ ਸਿੱਧਾ ਪ੍ਰਸਾਰਨ ਕੀਤਾ ਗਿਆ। ਸਾਂਚੇਜ਼ ਨੇ ਪਿਛਲੇ ਹਫ਼ਤੇ ਸੰਸਦ ਦੇ ਸਾਹਮਣੇ ਆਪਣੇ ਮੁਲਕ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਗਾਜ਼ਾ ’ਚ ਜੰਗਬੰਦੀ ਤੇ ਫ਼ਲਸਤੀਨ ਨੂੰ ਮਾਨਤਾ ਲਈ ਹਮਾਇਤ ਜੁਟਾਉਣ ਦੇ ਮਕਸਦ ਨਾਲ ਯੂਰਪੀ ਤੇ ਪੱਛਮੀ ਏਸ਼ਿਆਈ ਮੁਲਕਾਂ ਦਾ ਦੌਰਾ ਕੀਤਾ ਸੀ। ਦੂਜੇ ਪਾਸੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਸਪੇਨ ਦੀ ਨਿੰਦਾ ਕਰਦਿਆਂ ਐਕਸ ’ਤੇ ਕਿਹਾ ਕਿ ਸਾਂਚੇਜ਼ ਦੀ ਸਰਕਾਰ ‘ਯਹੂਦੀਆਂ ਖ਼ਿਲਾਫ਼ ਕਤਲੇਆਮ ਤੇ ਜੰਗੀ ਅਪਰਾਧਾਂ ਨੂੰ ਭੜਕਾਉਣ ’ਚ ਸ਼ਾਮਲ ਹੋ ਰਹੀ ਹੈ।’ ਇਸੇ ਦੌਰਾਨ ਨਾਰਵੇ ਦੇ ਵਿਦੇਸ਼ ਮੰਤਰੀ ਐਸਪੇਨ ਬਾਰਥ ਐਡੇ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਨਾਰਵੇ, ਫ਼ਲਸਤੀਨ ਨੂੰ ਰਾਜ ਦਾ ਦਰਜਾ ਦੇਣ ਦਾ ਹਮਾਇਤੀ ਰਿਹਾ ਹੈ। ਅੱਜ ਜਦੋਂ ਨਾਰਵੇ ਨੇ ਅਧਿਕਾਰਤ ਤੌਰ ’ਤੇ ਫ਼ਲਸਤੀਨ ਨੂੰ ਰਾਜ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਇਹ ਨਾਰਵੇ ਤੇ ਫ਼ਲਸਤੀਨ ਦੇ ਰਿਸ਼ਤਿਆਂ ਲਈ ਮੀਲ ਪੱਥਰ ਹੈ।

ਰਾਫ਼ਾਹ ’ਤੇ ਇਜ਼ਰਾਇਲੀ ਹਮਲੇ ’ਚ 37 ਹਲਾਕ

ਕਾਹਿਰਾ: ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫ਼ਾਹ ’ਤੇ ਕੀਤੇ ਹਵਾਈ ਹਮਲਿਆਂ ’ਚ 37 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਹੁਣ ਤੱਕ 10 ਲੱਖ ਲੋਕ ਰਾਫ਼ਾਹ ਛੱਡ ਕੇ ਜਾ ਚੁੱਕੇ ਹਨ ਤੇ ਸ਼ਰਨਾਰਥੀ ਕੈਂਪਾਂ ਵਿੱਚ ਪਨਾਹ ਲੈ ਰਹੇ ਹਨ। ਇਸ ਤੋਂ ਪਹਿਲਾਂ ਲੰਘੇ ਐਤਵਾਰ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ 45 ਜਣਿਆਂ ਦੀ ਮੌਤ ਹੋ ਗਈ ਸੀ। ਫ਼ਲਸਤੀਨ ਦੇ ਨਾਗਰਿਕ ਰੱਖਿਆ ਵਿਭਾਗ ਅਨੁਸਾਰ ਉੱਤਰ-ਪੱਛਮੀ ਰਾਫ਼ਾਹ ਦੇ ਤਲ ਅਲ ਸੁਲਤਾਨ ’ਚ ਸਾਰੀ ਰਾਤ ਕੀਤੇ ਗਏ ਹਮਲਿਆਂ ’ਚ 16 ਜਣੇ ਮਾਰੇ ਗਏ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਗਾਜ਼ਾ-ਮਿਸਰ ਸਰਹੱਦ ਨਾਲ ਲੱਗਦੇ ਪੂਰਬੀ ਰਾਫਾਹ ’ਚ ਬਹੁਤ ਹੀ ਸੀਮਤ ਕਾਰਵਾਈ ਕੀਤੀ ਹੈ ਪਰ ਸਥਾਨਕ ਲੋਕਾਂ ਅਨੁਸਾਰ ਸਾਰੀ ਰਾਤ ਹਮਲੇ ਕੀਤੇ ਗਏ ਹਨ। -ਏਪੀ

Advertisement