ਮਨੀਪੁਰ ਦੇ ਚੂਰਾਚਾਂਦਪੁਰ ’ਚ ਸਥਿਤੀ ਹਾਲੇ ਵੀ ਤਣਾਅਪੂਰਨ
ਇੰਫਾਲ/ਚੂਰਾਚਾਂਦਪੁਰ, 20 ਮਾਰਚ
ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ’ਚ ਜ਼ੋਮੀ ਤੇ ਹਮਾਰ ਕਬੀਲੇ ਦੇ ਵਾਸੀਆਂ ਦਰਮਿਆਨ ਤਕਰਾਰ ਤੋਂ ਬਾਅਦ ਹਾਲੇ ਵੀ ਤਣਾਅ ਬਣਿਆ ਹੋਇਆ ਹੈ। ਇਨ੍ਹਾਂ ਝੜਪਾਂ ਤੋਂ ਦੋ ਦਿਨ ਬਾਅਦ ਅੱਜ ਗਿਣਤੀ ਦੇ ਵਾਹਨ ਹੀ ਸੜਕਾਂ ’ਤੇ ਨਜ਼ਰ ਆਏ। ਇਸ ਤੋਂ ਇਲਾਵਾ ਸਕੂਲਾਂ ਅਤੇ ਦਫਤਰਾਂ ਵਿੱਚ ਹਾਜ਼ਰੀ ਘੱਟ ਰਹੀ। ਦੂਜੇ ਪਾਸੇ ਸੁਰੱਖਿਆ ਬਲਾਂ ਨੇ ਮਨੀਪੁਰ ਦੇ ਕਰਫਿਊ ਵਾਲੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਗਸ਼ਤ ਕੀਤੀ ਤੇ ਫਲੈਗ ਮਾਰਚ ਕੀਤਾ।
ਜ਼ੋਮੀ ਤੇ ਹਮਾਰ ਕਬੀਲਿਆਂ ਦੇ ਲੋਕਾਂ ਵਿਚਾਲੇ ਝੜਪਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਕਈ ਜਣੇ ਜ਼ਖ਼ਮੀ ਹੋ ਗਏ ਸਨ। ਹਮਾਰ ਭਾਈਚਾਰੇ ਨਾਲ ਸਬੰਧਤ ਲਾਲਰੋਪੂਈ ਪਖੂਮਾਤੇ (53) ਨੂੰ ਗੋਲੀ ਲੱਗਣ ਮਗਰੋਂ ਇਲਾਕੇ ’ਚ ਤਣਾਅ ਮੁੜ ਵਧ ਗਿਆ ਸੀ। ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਇੱਕ ਵਿਦਿਆਰਥੀ ਸੰਗਠਨ ਵੱਲੋਂ ਬੀਤੇ ਦਿਨੀਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਕੁਝ ਦੇਰ ਬਾਅਦ ਵਿਧਾਇਕਾਂ ਅਤੇ ਆਦਿਵਾਸੀ ਸੰਗਠਨਾਂ ਦੇ ਇੱਕ ਸਮੂਹ ਨੇ ਸ਼ਾਂਤੀ ਦੀ ਅਪੀਲ ਕੀਤੀ। ਉਨ੍ਹਾਂ ਸਥਿਤੀ ਦੀ ਨਿਗਰਾਨੀ ਅਤੇ ਭਵਿੱਖ ਵਿੱਚ ਮਨ ਮੁਟਾਵ ਨੂੰ ਦੂਰ ਕਰਨ ਲਈ ਇੱਕ ਸਾਂਝੀ ਸ਼ਾਂਤੀ ਕਮੇਟੀ ਬਣਾਉਣ ਲਈ ਸਹਿਮਤੀ ਪ੍ਰਗਟਾਈ। ਪੀਟੀਆਈ