ਸ਼੍ਰੇਅਸ ਅਈਅਰ ਆਈ ਸੀ ਯੂ ’ਚ
ਭਾਰਤ ਦੀ ਇੱਕ ਰੋਜ਼ਾ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਤੀਜੇ ਇੱਕ ਰੋਜ਼ਾ ਮੈਚ ਦੌਰਾਨ ਪੱਸਲੀਆਂ ਵਿੱਚ ਲੱਗੀ ਸੱਟ ਕਾਰਨ ਅੰਦਰੂਨੀ ਖੂਨ ਵਹਿਣ ਤੋਂ ਬਾਅਦ ਉਸ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
ਅਈਅਰ ਨੇ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਦੌੜਦਿਆਂ ਐਲੈਕਸ ਕੈਰੀ ਦਾ ਸ਼ਾਨਦਾਰ ਕੈਚ ਕੀਤਾ ਸੀ। ਲੱਗਦਾ ਹੈ ਕਿ ਇਸ ਦੌਰਾਨ ਉਸ ਦੀ ਖੱਬੀ ਪੱਸਲੀ ਵਿੱਚ ਸੱਟ ਲੱਗ ਗਈ ਸੀ ਅਤੇ ਸ਼ਨਿਚਰਵਾਰ ਨੂੰ ਡਰੈਸਿੰਗ ਰੂਮ ਵਿੱਚ ਵਾਪਸ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਅਨੁਸਾਰ ਸਕੈਨ ਤੋਂ ਪਤਾ ਲੱਗਾ ਹੈ ਕਿ ਉਸ ਦੀ ‘ਤਿੱਲੀ ਵਿੱਚ ਸੱਟ’ ਲੱਗੀ ਹੈ। ਬੀ ਸੀ ਸੀ ਆਈ ਨੇ ਅੱਜ ਬਿਆਨ ਵਿੱਚ ਕਿਹਾ, ‘ਸ਼੍ਰੇਅਸ ਅਈਅਰ ਦੀ ਖੱਬੀ ਪੱਸਲੀ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗੀ ਹੈ। ਉਸ ਨੂੰ ਹੋਰ ਜਾਂਚ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।’ ਬਿਆਨ ਮੁਤਾਬਕ, ‘ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਿਹਾ ਹੈ।’ ਬੀ ਸੀ ਸੀ ਆਈ ਦੀ ਮੈਡੀਕਲ ਟੀਮ ਸਿਡਨੀ ਅਤੇ ਭਾਰਤ ਦੇ ਮਾਹਿਰਾਂ ਦੀ ਸਲਾਹ ਨਾਲ ਉਸ ਦੀ ਸੱਟ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
