ਵਾਸ਼ਿੰਗਟਨ ਡੀਸੀ ਵਿਚ ਯਹੂਦੀ ਮਿਊਜ਼ੀਅਮ ਦੇ ਬਾਹਰ ਗੋਲੀਬਾਰੀ, ਇਜ਼ਰਾਇਲੀ ਅੰਬੈਸੀ ਦੇ ਦੋ ਸਟਾਫ਼ਰ ਹਲਾਕ
ਵਾਸ਼ਿੰਗਟਨ, 22 ਮਈ
ਇਥੇ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਇਲੀ ਅੰਬੈਸੀ ਦੇ ਦੋ ਸਟਾਫ਼ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਗੋਲੀਆਂ ਚਲਾਉਣ ਵਾਲੇ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਜ਼ਰਾਇਲੀ ਅੰਬੈਸੀ ਦੇ ਇਹ ਦੋਵੇਂ ਮੈਂਬਰ, ਜਿਨ੍ਹਾਂ ਵਿਚੋਂ ਇਕ ਮਹਿਲਾ ਹੈ, ਮਿਊਜ਼ੀਅਮ ਵਿਚ ਇਕ ਸਮਾਗਮ ’ਚ ਹਾਜ਼ਰੀ ਭਰਨ ਮਗਰੋਂ ਉਥੋਂ ਜਾ ਰਹੇ ਸਨ। ਮਸ਼ਕੂਕ ਨੇ ਗੋਲੀਆਂ ਚਲਾਉਣ ਮਗਰੋਂ ‘ਫ੍ਰੀ ਫ੍ਰੀ ਫਲਸਤੀਨ’ (ਫਲਸਤੀਨ ਨੂੰ ਆਜ਼ਾਦ ਕਰੋ) ਦੇ ਨਾਅਰੇ ਲਾਏ।
ਮਸ਼ਕੂਕ ਦੀ ਪਛਾਣ ਸ਼ਿਕਾਗੋ ਦੇ ਰਹਿਣ ਵਾਲੇ Elias Rodriguez (30) ਵਜੋਂ ਦੱਸੀ ਗਈ ਹੈ। ਮੈਟਰੋਪਾਲਿਟਨ ਪੁਲੀਸ ਦੇ ਮੁਖੀ ਪਾਮੇਲਾ ਸਮਿਥ ਨੇ ਕਿਹਾ ਕਿ ਮਸ਼ਕੂਕ ਨੂੰ ਗੋਲੀਬਾਰੀ ਤੋਂ ਪਹਿਲਾਂ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਗੋਲੀਬਾਰੀ ਤੋਂ ਬਾਅਦ ਉਹ ਮਿਊਜ਼ੀਅਮ ਵਿੱਚ ਚਲਾ ਗਿਆ, ਜਿੱਥੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉਧਰ ਅਮਰੀਕਾ ਵਿਚ ਇਜ਼ਰਾਇਲੀ ਰਾਜਦੂਤ Yechiel Leiter ਨੇ ਕਿਹਾ ਕਿ ਮਾਰੇ ਗਏ ਦੋਵੇਂ ਜਣੇ ਇੱਕ ਨੌਜਵਾਨ ਜੋੜਾ ਸਨ ਜਿਨ੍ਹਾਂ ਦੀ ਮੰਗਣੀ ਹੋਣ ਵਾਲੀ ਸੀ। ਅਟਾਰਨੀ ਜਨਰਲ ਪੈਮ ਬੋਂਡੀ ਨੇ ਕਿਹਾ ਕਿ ਉਹ ਸਾਬਕਾ ਜੱਜ Jeanine Pirro ਨਾਲ ਮੌਕੇ 'ਤੇ ਮੌਜੂਦ ਸੀ, ਜੋ ਵਾਸ਼ਿੰਗਟਨ ਵਿੱਚ ਅਮਰੀਕੀ ਵਕੀਲ ਵਜੋਂ ਸੇਵਾ ਨਿਭਾਉਂਦੀ ਹੈ ਅਤੇ ਜਿਸ ਦਾ ਦਫਤਰ ਇਸ ਮਾਮਲੇ ਦੀ ਪੈਰਵੀ ਕਰੇਗਾ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਇਹ ਭਿਆਨਕ ਹੱਤਿਆਵਾਂ, ਜੋ ਸਪਸ਼ਟ ਰੂਪ ਵਿਚ ਯਹੂਦੀ ਵਿਰੋਧੀ ਭਾਵਨਾਵਾਂ ’ਤੇ ਅਧਾਰਿਤ ਹਨ, ਹੁਣ ਖ਼ਤਮ ਹੋਣੀਆਂ ਚਾਹੀਦੀਆਂ ਹਨ। ਨਫ਼ਰਤ ਤੇ ਕੱਟੜਵਾਦ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਪੀੜਤਾਂ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਬਹੁਤ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ! ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ!’’ ਉਧਰ ਇਜ਼ਰਾਈਲ ਦੇ ਰਾਸ਼ਟਰਪਤੀ Isaac Herzog ਨੇ ਕਿਹਾ ਕਿ ਉਹ ਵਾਸ਼ਿੰਗਟਨ ਵਿਚ ਅਜਿਹੇ ਦ੍ਰਿਸ਼ਾਂ ਤੋਂ ‘ਬੇਹੱਦ ਦੁਖੀ’ ਹਨ। -ਏਪੀ