ਪਾਕਿ ’ਚ ਮਹਿਲਾਵਾਂ ਖ਼ਿਲਾਫ਼ ਜਿਨਸੀ ਹਿੰਸਾ ਬੇਰੋਕ ਜਾਰੀ: ਭਾਰਤ
ਭਾਰਤ ਨੇ ਸੰਯੁਕਤ ਰਾਸ਼ਟਰ ’ਚ ਖੁੱਲ੍ਹੀ ਬਹਿਸ ਦੌਰਾਨ ਪਾਕਿਸਤਾਨ ਦੀ ਆਲੋਚਨਾ ਕਰਦਿਆਂ 1971 ’ਚ ਤਤਕਾਲੀ ਪੂਰਬੀ ਪਾਕਿਸਤਾਨ ’ਚ ਮਹਿਲਾਵਾਂ ਖ਼ਿਲਾਫ਼ ਹੋਏ ‘ਜਿਨਸੀ ਹਿੰਸਾ ਦੇ ਅਪਰਾਧਾਂ’ ਵੱਲ ਧਿਆਨ ਖ਼ਿੱਚਿਆ ਤੇ ਕਿਹਾ ਕਿ ਇਹ ਸਿਲਸਿਲਾ ਅੱਜ ਵੀ ਜਾਰੀ ਹੈ।
ਪਾਕਿਸਤਾਨ ਦੇ ਨੁਮਾਇੰਦੇ ਵੱਲੋਂ ਲਾਏ ‘ਬੇਬੁਨਿਆਦ ਦੋਸ਼ਾਂ’ ’ਤੇ ਬੀਤੇ ਦਿਨ ਸੰਖੇਪ ਟਿੱਪਣੀ ਕਰਦਿਆਂ ਭਾਰਤੀ ਕੂਟਨੀਤਕ ਐਡਲੋਸ ਮੈਥਿਊ ਪੁੰਨੂਸ ਨੇ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਜਿਨਸੀ ਹਿੰਸਾ ਦੀਆਂ 1971 ਦੀਆਂ ਘਟਨਾਵਾਂ ‘ਸ਼ਰਮਨਾਕ ਰਿਕਾਰਡ ਦਾ ਮਾਮਲਾ ਹੈ।’ ਪੁੰਨੂਸ ਨੇ ਕਿਹਾ, ‘ਪਾਕਿਸਤਾਨੀ ਸੈਨਾ ਨੇ 1971 ’ਚ ਜਿਸ ਤਰ੍ਹਾਂ ਬੇਖੌਫ਼ ਹੋ ਕੇ ਪੂਰਬੀ ਪਾਕਿਸਤਾਨ ’ਚ ਮਹਿਲਾਵਾਂ ਖ਼ਿਲਾਫ਼ ਜਿਨਸੀ ਹਿੰਸਾ ਦੇ ਅਪਰਾਧ ਕੀਤੇ, ਉਹ ਸ਼ਰਮਨਾਕ ਹਨ।’ ਭਾਰਤੀ ਕੂਟਨੀਤਕ 1971 ’ਚ ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ’ਚ ਵੱਡੇ ਪੱਧਰ ’ਤੇ ਹੋਏ ਕਤਲੇਆਮ ਤੇ ਜਬਰ ਜਨਾਹ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਸਨ। ਉਨ੍ਹਾਂ ਕਿਹਾ, ‘ਇਹ ਨਿੰਦਣਯੋਗ ਪ੍ਰਵਿਰਤੀ ਅੱਜ ਵੀ ਬੇਰੋਕ ਤੇ ਬਿਨਾਂ ਕਿਸੇ ਸਜ਼ਾ ਦੇ ਜਾਰੀ ਹੈ।’ ਪੁੰਨੂਸ ਨੇ ਕਿਹਾ, ‘ਧਰਮ ਤੇ ਜਾਤ ਆਧਾਰਿਤ ਘੱਟ ਗਿਣਤੀ ਭਾਈਚਾਰਿਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਹਥਿਆਰ ਵਜੋਂ ਹਜ਼ਾਰਾਂ ਕਮਜ਼ੋਰ ਮਹਿਲਾਵਾਂ ਤੇ ਲੜਕੀਆਂ ਨੂੰ ਅਗਵਾ ਕਰਨ, ਤਸਕਰੀ, ਬਾਲ ਵਿਆਹ, ਘਰੇਲੂ ਗੁਲਾਮੀ, ਜਿਨਸੀ ਹਿੰਸਾ ਤੇ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਤੇ ਵੇਰਵੇ ਹਾਲ ਹੀ ਵਿੱਚ ਜਾਰੀ ਓਐੱਚਸੀਐੱਚਆਰ ਰਿਪੋਰਟ ’ਚ ਵੀ ਦਿੱਤੇ ਗਏ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਦੁੱਖ ਦੀ ਗੱਲ ਇਹ ਹੈ ਕਿ ਜੋ ਲੋਕ ਇਹ ਅਪਰਾਧ ਕਰਦੇ ਹਨ, ਉਹ ਹੁਣ ‘ਨਿਆਂ ਦੇ ਚੈਂਪੀਅਨ ਵਜੋਂ ਮੁਖੌਟਾ ਪਹਿਨ ਰਹੇ ਹਨ।’ ਪੁੰਨੂਸ ਪਾਕਿਸਤਾਨ ਦੇ ਇਸ ਦੋਸ਼ ਦਾ ਜਵਾਬ ਦੇ ਰਹੇ ਸਨ ਕਿ ਕਸ਼ਮੀਰ ’ਚ ‘ਭਾਈਚਾਰਿਆਂ ਨੂੰ ਸਜ਼ਾ ਦੇਣ ਤੇ ਬੇਇੱਜ਼ਤ ਕਰਨ ਲਈ ਲੰਮੇ ਸਮੇਂ ਤੋਂ ਜਿਨਸੀ ਹਿੰਸਾ ਦਾ ਸਹਾਰਾ ਲਿਆ ਜਾ ਰਿਹਾ ਹੈ।’