ਯੂਕਰੇਨ ’ਤੇ ਰੂਸ ਦਾ ਹਮਲਾ ਮਨੁੱਖਤਾ ਦੀ ਤਬਾਹੀ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ’ਤੇ ਰੂਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਮਗਰੋਂ ਮਾਸਕੋ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਜਦਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਰੂਸੀ ਅਰਥਚਾਰੇ ਨੂੰ ‘ਢਾਹ ਲਾਉਣ’ ਲਈ ਹੋਰ ਸਖ਼ਤ ਵਿੱਤੀ ਪਾਬੰਦੀਆਂ ਲਾਉਣ ਦਾ ਸੰਕੇਤ ਦਿੱਤਾ ਹੈ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡ੍ਰਿਊਜ਼ ’ਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਥੇ ਜੋ ਹੋ ਰਿਹਾ ਹੈ, ਉਸ ਤੋਂ ਮੈਂ ਬਿਲਕੁਲ ਖੁਸ਼ ਨਹੀਂ ਹਾਂ। ਮੈਨੂੰ ਲਗਦਾ ਹੈ ਕਿ ਇਹ ਮਾਮਲਾ ਜਲਦੀ ਹੀ ਸੁਲਝ ਜਾਵੇਗਾ।’ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੇ ਉਸ ਸੰਕੇਤ ਤੋਂ ਕੁਝ ਘੰਟੇ ਬਾਅਦ ਆਈ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਮਾਸਕੋ ਖ਼ਿਲਾਫ਼ ਵਿੱਤੀ ਪਾਬੰਦੀਆਂ ਵਧਾਉਣ ਲਈ ਤਿਆਰ ਹਨ। ਵ੍ਹਾਈਟ ਹਾਊਸ ’ਚ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਪਾਬੰਦੀਆਂ ਦੇ ਦੂਜੇ ਗੇੜ ਲਈ ਤਿਆਰ ਹਨ, ਟਰੰਪ ਨੇ ਵਿਸਤਾਰ ’ਚ ਜਾਏ ਬਿਨਾਂ ਜਵਾਬ ਦਿੱਤਾ, ‘ਹਾਂ, ਮੈਂ ਤਿਆਰ ਹਾਂ।’
ਪਾਬੰਦੀਆਂ ਨਾਲ ਯੂਕਰੇਨ ਪ੍ਰਤੀ ਰੁਖ਼ ਨਹੀਂ ਬਦਲੇਗਾ: ਰੂਸ
ਮਾਸਕੋ: ਅਮਰੀਕਾ ਤੇ ਯੂਰਪੀ ਯੂਨੀਅਨ ਵੱਲੋਂ ਰੂਸ ’ਤੇ ਵਧੇਰੇ ਆਰਥਿਕ ਪਾਬੰਦੀਆਂ ਦੇ ਸੰਕੇਤ ਦਿੱਤੇ ਜਾਣ ਮਗਰੋਂ ਕਰੈਮਲਿਨ ਨੇ ਅੱਜ ਕਿਹਾ ਕਿ ਕੋਈ ਵੀ ਪਾਬੰਦੀ ਰੂਸ ਨੂੰ ਯੂਕਰੇਨ ਜੰਗ ’ਚ ਆਪਣਾ ਰੁਖ਼ ਬਦਲਣ ਲਈ ਮਜਬੂਰ ਨਹੀਂ ਕਰ ਸਕਦੀ। ਪੱਛਮੀ ਮੁਲਕਾਂ ਨੇ ਯੂਕਰੇਨ ’ਚ ਚੱਲ ਰਹੀ ਜੰਗ ਤੇ 2014 ’ਚ ਕ੍ਰੀਮੀਆ ’ਤੇ ਕਬਜ਼ੇ ਲਈ ਰੂਸ ’ਤੇ ਹਜ਼ਾਰਾਂ ਪਾਬੰਦੀਆਂ ਲਾਈਆਂ ਹਨ। ਇਨ੍ਹਾਂ ਪਾਬੰਦੀਆਂ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਕਹਿਣਾ ਹੈ ਕਿ ਰੂਸੀ ਅਰਥਚਾਰਾ ਚੰਗੀ ਸਥਿਤੀ ਵਿੱਚ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ, ‘ਕੋਈ ਵੀ ਪਾਬੰਦੀ ਰੂਸੀ ਫੈਡਰੇਸ਼ਨ ਨੂੰ ਉਹ ਸਥਿਰ ਰੁਖ਼ ਬਦਲਣ ਲਈ ਮਜਬੂਰ ਨਹੀਂ ਕਰ ਸਕੇਗੀ ਜਿਸ ਬਾਰੇ ਸਾਡੇ ਰਾਸ਼ਟਰਪਤੀ ਵਾਰ-ਵਾਰ ਬੋਲਦੇ ਰਹੇ ਹਨ।’