ਕੁਰਸਕ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਹਲਾਕ
ਮਾਸਕੋ, 3 ਜੁਲਾਈ
ਰੂਸ ਦੇ ਕੁਰਸਕ ਖ਼ਿੱਤੇ ’ਚ ਯੂਕਰੇਨ ਵੱਲੋਂ ਕੀਤੇ ਹਮਲੇ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਮੇਜਰ ਜਨਰਲ ਮਿਖਾਈਲ ਗੁਦਕੋਵ ਮਾਰਿਆ ਗਿਆ। ਪੂਰਬੀ ਰੂਸੀ ਖ਼ਿੱਤੇ ਦੇ ਗਵਰਨਰ ਓਲੇਗ ਕੋਜ਼ੇਮਯਾਕੋ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਰਿਪੋਰਟਾਂ ਆਈਆਂ ਸਨ ਕਿ ਗੁਦਕੋਵ ਕੋਰੇਨੇਵੋ ’ਚ ਕਮਾਂਡ ਪੋਸਟ ’ਤੇ ਯੂਕਰੇਨ ਵੱਲੋਂ ਕੀਤੇ ਹਮਲੇ ’ਚ 10 ਹੋਰ ਜਵਾਨਾਂ ਨਾਲ ਮਾਰੇ ਗਏ ਹਨ। ਸਾਲ 2022 ਤੋਂ ਸ਼ੁਰੂ ਹੋਈ ਜੰਗ ’ਚ ਯੂਕਰੇਨ ਵੱਲੋਂ ਮਾਰੇ ਗਏ ਕੁਝ ਰੂਸੀ ਫੌਜੀ ਅਫ਼ਸਰਾਂ ’ਚੋਂ ਗੁਦਕੋਵ ਸਭ ਤੋਂ ਸੀਨੀਅਰ ਅਧਿਕਾਰੀ ਹਨ। ਗੁਦਕੋਵ ਨੂੰ ਯੂਕਰੇਨ ਖ਼ਿਲਾਫ਼ ਫੌਜੀ ਕਾਰਵਾਈ ’ਚ ਬਹਾਦਰੀ ਲਈ ਕਈ ਪੁਰਸਕਾਰ ਵੀ ਮਿਲੇ ਸਨ ਅਤੇ ਉਨ੍ਹਾਂ ’ਤੇ ਕੀਵ ਨੇ ਜੰਗੀ ਅਪਰਾਧਾਂ ਦੇ ਦੋਸ਼ ਵੀ ਲਾਏ ਸਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਗੁਦਕੋਵ ਨੂੰ ਮਾਰਚ ’ਚ ਜਲ ਸੈਨਾ ਦਾ ਡਿਪਟੀ ਕਮਾਂਡਰ-ਇਨ-ਚੀਫ਼ ਨਿਯੁਕਤ ਕੀਤਾ ਸੀ। ਉਧਰ ਰੂਸੀ ਫੌਜ ਨੇ ਪੂਰਬੀ ਯੂਕਰੇਨ ਦੇ ਦੋ ਸ਼ਹਿਰਾਂ ਰੇਜ਼ਾਈਨ ਅਤੇ ਮਿਲੋਵੇ ’ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਯੂਕਰੇਨੀ ਬੰਦਰਗਾਹ ਸ਼ਹਿਰ ਓਦੇਸਾ ’ਤੇ ਬੀਤੀ ਰਾਤ ਕੀਤੇ ਗਏ ਹਮਲੇ ’ਚ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। -ਰਾਇਟਰਜ਼
ਜ਼ੇਲੈਂਸਕੀ ਯੂਰਪੀ ਆਗੂਆਂ ਨਾਲ ਮੁਲਾਕਾਤ ਲਈ ਡੈਨਮਾਰਕ ਪੁੱਜੇ
ਆਰਹਸ (ਡੈਨਮਾਰਕ): ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਰੂਸ ਖ਼ਿਲਾਫ਼ ਜੰਗ ’ਚ ਹਮਾਇਤ ਲੈਣ ਲਈ ਅੱਜ ਡੈਨਮਾਰਕ ਪੁੱਜ ਗਏ ਹਨ। ਉਹ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨਾਲ ਮੀਟਿੰਗਾਂ ਕਰਨਗੇ। ਜ਼ੇਲੈਂਸਕੀ ਦਾ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਕੀਵ ਨੂੰ ਹਥਿਆਰਾਂ ਦੀ ਖੇਪ ਰੋਕਣ ਦਾ ਫ਼ੈਸਲਾ ਲਿਆ ਹੈ। ਯੂਕਰੇਨ ਨੂੰ ਯੂਰਪੀ ਯੂਨੀਅਨ ’ਚ ਸ਼ਾਮਲ ਕਰਨ ਦਾ ਰਾਹ ਹੰਗਰੀ ਨੇ ਰੋਕ ਦਿੱਤਾ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਕਿਹਾ ਕਿ ਯੂਕਰੇਨ ਨੂੰ ਰੂਸ ਅਤੇ ਨਾਟੋ ਮੁਲਕਾਂ ਵਿਚਕਾਰ ਬਫ਼ਰ ਜ਼ੋਨ ਬਣੇ ਰਹਿਣਾ ਚਾਹੀਦਾ ਹੈ। -ਏਪੀ