ਰੂਸੀ ਡਰੋਨਾਂ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ: ਪੋਲੈਂਡ
ਪੋਲੈਂਡ ਨੇ ਕਿਹਾ ਹੈ ਕਿ ਰੂਸੀ ਡਰੋਨਾਂ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਅਤੇ ਉਸ ਦੇ ਨਾਟੋ ਭਾਈਵਾਲਾਂ ਨੇ ਕੁਝ ਡਰੋਨ ਹਵਾ ’ਚ ਹੀ ਫੁੰਡ ਦਿੱਤੇ ਜੋ ਸਿੱਧੇ ਸੁਰੱਖਿਆ ਲਈ ਖ਼ਤਰਾ ਸਨ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਪੋਲੈਂਡ ਦੇ ਕਿਸੇ ਵੀ ਇਲਾਕੇ ਨੂੰ ਕੋਈ ਨਿਸ਼ਾਨਾ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੋਲੈਂਡ ਦੇ ਰੱਖਿਆ ਮੰਤਰਾਲੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ।
ਪੋਲੈਂਡ ਦੀ ਫ਼ੌਜ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਚੌਕਸੀ ਵਧਾ ਦਿੱਤੀ ਸੀ ਕਿਉਂਕਿ ਯੂਕਰੇਨ ’ਚ ਕਈ ਥਾਵਾਂ ’ਤੇ ਵੱਡੇ ਹਵਾਈ ਹਮਲੇ ਕੀਤੇ ਗਏ ਸਨ। ਰੱਖਿਆ ਮੰਤਰੀ ਵਲਾਦੀਸਲਾਅ ਕੋਸੀਨਿਆਕ-ਕਾਮਿਸਜ਼ ਨੇ ‘ਐਕਸ’ ’ਤੇ ਲਿਖਿਆ ਕਿ 10 ਤੋਂ ਜ਼ਿਆਦਾ ਡਰੋਨ ਪੋਲੈਂਡ ਦੇ ਹਵਾਈ ਖੇਤਰ ’ਚ ਦਾਖ਼ਲ ਹੋਏ ਸਨ ਅਤੇ ਮੁਲਕ ਦੀ ਸੁਰੱਖਿਆ ਲਈ ਖ਼ਤਰਾ ਬਣੇ ਉਨ੍ਹਾਂ ਡਰੋਨਾਂ ’ਚੋਂ ਕੁਝ ਨੂੰ ਡੇਗ ਦਿੱਤਾ ਗਿਆ। ਕੁਝ ਡਰੋਨ ਰਿਹਾਇਸ਼ੀ ਇਲਾਕਿਆਂ ’ਚ ਡਿੱਗੇ ਅਤੇ ਕੁਝ ਥਾਵਾਂ ਨੂੰ ਨੁਕਸਾਨ ਵੀ ਪਹੁੰਚਿਆ। ਵਾਰਸਾ ਦੇ ਚੋਪਿਨ ਹਵਾਈ ਅੱਡੇ ’ਤੇ ਕਈ ਘੰਟਿਆਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਪੋਲਿਸ਼ ਫ਼ੌਜ ਵੱਲੋਂ ਬੁੱਧਵਾਰ ਨੂੰ ਸੰਭਾਵੀ ਕਰੈਸ਼ ਵਾਲੀਆਂ ਥਾਵਾਂ ਦੀ ਭਾਲ ਕੀਤੀ ਗਈ ਅਤੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਵੀ ਸ਼ੱਕੀ ਵਸਤੂ ਨਾ ਛੇੜਨ। ਪੋਲੈਂਡ ਵੱਲੋਂ ਇਸ ਤੋਂ ਪਹਿਲਾਂ ਵੀ ਰੂਸੀ ਡਰੋਨਾਂ ਦੇ ਉਨ੍ਹਾਂ ਦੇ ਹਵਾਈ ਖੇਤਰ ’ਚ ਦਾਖ਼ਲ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।