ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੇਜ਼; 13 ਜ਼ਖ਼ਮੀ
ਰੂਸੀ ਫੌਜ ਨੇ ਦੱਖਣੀ ਯੂਕਰੇਨੀ ਸ਼ਹਿਰ4 ਜ਼ੈਪੋਰਿਜ਼ੀਆ ’ਤੇ ਰਾਤ ਭਰ ਰਾਕੇਟਾਂ ਨਾਲ ਬੰਬਾਰੀ ਕੀਤੀ, ਜਿਸ ਕਾਰਨ ਦੋ ਬੱਚਿਆਂ ਸਣੇ 13 ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਸਾਢੇ ਤਿੰਨ ਸਾਲ ਪਹਿਲਾਂ ਗੁਆਂਢੀ ਮੁਲਕ ’ਤੇ ਹਮਲਾ ਕਰਨ ਤੋਂ ਲੈ ਕੇ ਹੁਣ ਜੰਗ ਜਾਰੀ ਹੈ ਤੇ ਉਸ ਵੱਲੋਂ ਲਗਾਤਾਰ ਹਮਲੇ ਜਾਰੀ ਹਨ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਯੂਰਪੀ ਆਗੂਆਂ ਨੂੰ ਮਹਾਦੀਪ ਦੀ ਸੁਰੱਖਿਆ ਲਈ ਹਵਾਈ ਰੱਖਿਆ ਪ੍ਰਣਾਲੀ ਤਿਆਰ ਕਰਨ ਦੀ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ’ਚ ਰੂਸ ਨੇ ਯੂਕਰੇਨ ਦੇ ਅੰਦਰ ਤੱਕ ਨਿਸ਼ਾਨਿਆਂ ’ਤੇ 3,500 ਤੋਂ ਵੱਧ ਡਰੋਨ, 2,500 ਤੋਂ ਵੱਧ ਸ਼ਕਤੀਸ਼ਾਲੀ ਗਲਾਈਡ ਬੰਬ ਅਤੇ ਲਗਪਗ 200 ਮਿਜ਼ਾਈਲਾਂ ਦਾਗੀਆਂ ਹਨ। ਉਨ੍ਹਾਂ ਆਖਿਆ, ‘‘ਹੁਣ ਵੇਲਾ ਆ ਗਿਆ ਹੈ ਕਿ ਅਸੀਂ ਆਪਣੇ ਯੂਰਪੀ ਆਸਮਾਨ ਦੀ ਸਾਂਝੀ ਸੁਰੱਖਿਆ ਇਕ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਨਾਲ ਕਰੀਏ। ਇਸ ਲਈ ਕਈ ਤਕਨੀਕਾਂ ਉਪਲਬਧ ਹਨ।’’ ਜ਼ੇਲੈਂਸਕੀ ਨੇ ਕਿਹਾ, ‘ਸਾਨੂੰ ਨਿਵੇਸ਼ ਅਤੇ ਇੱਛਾ ਸ਼ਕਤੀ ਦੀ ਲੋੜ ਹੈ। ਸਾਨੂੰ ਆਪਣੇ ਸਾਰੇ ਭਾਈਵਾਲਾਂ ਤੋਂ ਮਜ਼ਬੂਤ ਫ਼ੈਸਲੇ ਚਾਹੀਦੇ ਹਨ।’’ ਖੇਤਰੀ ਮੁਖੀ ਇਵਾਨ ਫੈਦਰੋਵ ਨੇ ਨੈਸ਼ਨਲ ਟੈਲੀਵਿਜ਼ਨ ’ਤੇ ਦੱਸਿਆ ਕਿ ਜ਼ੈਪੋਰਿਜ਼ੀਆ ’ਚ ਰੂਸੀ ਬੰਬਾਰੀ ਕਾਰਨ 20 ਤੋਂ ਵੱਧ ਅਪਾਰਟਮੈਂਟ ਇਮਾਰਤਾਂ ਨੁਕਸਾਨੀਆਂ ਗਈਆਂ, ਜਿਨ੍ਹਾਂ ਵਿੱਚ ਅੱਗ ਲੱਗ ਗਈ।