ਭਾਰਤ ਨਾਲ ਸਿੱਧੀਆਂ ਉਡਾਣਾਂ ਦੀ ਮੁੜ ਸ਼ੁਰੂਆਤ ਦੁਵੱਲੇ ਰਿਸ਼ਤਿਆਂ ’ਚ ਸੁਧਾਰ ਵੱਲ ਅਹਿਮ ਕਦਮ: ਚੀਨ
ਚੀਨ ਨੇ ਅੱਜ ਭਾਰਤ ਨਾਲ ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ ਸਿੱਧੀਆਂ ਉਡਾਣਾਂ ਦੀ ਮੁੜ ਸ਼ੁਰੂਆਤ ਨੂੰ ਉਸਾਰੂ ਕਦਮ ਦੱਸਿਆ ਹੈ। ਚੀਨ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਦੋਵੇਂ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਹੋਈਆਂ ਸਹਿਮਤੀਆਂ ’ਤੇ ਇਮਾਨਦਾਰੀ ਨਾਲ ਅਮਲ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸੇਵਾਵਾਂ ਕੋਵਿਡ ਤੇ ਸਰਹੱਦੀ ਤਣਾਅ ਕਾਰਨ ਪਿਛਲੇ ਪੰਜ ਸਾਲਾਂ ਤੋਂ ਬੰਦ ਸਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜੀਆਕੁਨ ਨੇ ਕਿਹਾ ਕਿ ਉਡਾਣਾਂ ਅਕਤੂਬਰ ਦੇ ਅੰਤ ਤੱਕ ਮੁੜ ਸ਼ੁਰੂ ਹੋ ਜਾਣਗੀਆਂ। ਭਾਰਤ ਨੇ 2 ਅਕਤੂਬਰ ਨੂੰ ਚੀਨ ਲਈ ਸਿੱਧੀਆਂ ਉਡਾਣਾਂ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ। ਤਰਜਮਾਨ ਨੇ ਕਿਹਾ, ‘ਇਹ ਸਭ ਤੋਂ ਤਾਜ਼ਾ ਕਦਮ ਹੈ, ਜੋ ਦਰਸਾਉਂਦਾ ਹੈ ਕਿ ਕਿਵੇਂ ਦੋਵੇਂ ਦੇਸ਼ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ 31 ਅਗਸਤ ਨੂੰ ਤਿਆਨਜਿਨ ਵਿੱਚ ਹੋਈ ਅਹਿਮ ਗੱਲਬਾਤ ’ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ।’ ਗੁਓ ਨੇ ਕਿਹਾ ਕਿ ਚੀਨ, ਭਾਰਤ ਨਾਲ ਆਪਣੇ ਸਬੰਧ ਨੂੰ ਰਣਨੀਤਕ ਅਤੇ ਦੂਰਅੰਦੇਸ਼ੀ ਸੋਚ ਨਾਲ ਅੱਗੇ ਵਧਾਉਣ ਦਾ ਇੱਛੁਕ ਹੈ, ਤਾਂ ਜੋ ਦੋਵੇਂ ਦੇਸ਼ ਇੱਕ-ਦੂਜੇ ਦੀ ਤਰੱਕੀ ਵਿੱਚ ਮਦਦ ਕਰਨ ਵਾਲੇ ਦੋਸਤ ਅਤੇ ਚੰਗੇ ਗੁਆਂਢੀ ਬਣ ਸਕਣ। ਉਨ੍ਹਾਂ ‘ਡਰੈਗਨ ਅਤੇ ਹਾਥੀ ਦੇ ਜੁਗਲਬੰਦੀ ਨ੍ਰਿਤ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਏਸ਼ੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਲਈ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਜ਼ਿੰਮੇਵਾਰੀਆਂ ਹਨ।
ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਉਡਾਣਾਂ ਚਲਾਉਣ ਵਾਲੀਆਂ ਏਅਰ ਚਾਈਨਾ ਵਰਗੀਆਂ ਚੀਨੀ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਬਾਰੇ ਹਾਲੇ ਰਸਮੀ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ। ਇੰਡੀਗੋ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆਂਗਜ਼ੂ ਲਈ ਰੋਜ਼ਾਨਾ ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ।